ਲੁਧਿਆਣਾ, 5ਮਾਰਚ (ਟੀ. ਕੇ.)
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਲਈ ‘ਵਾਤਾਵਰਣ ਸਨੇਹੀ ਪਸ਼ੂਧਨ ਪਾਲਣ’ ਸਿਖਲਾਈ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਜਲਵਾਯੂ ਤਬਦੀਲੀਆਂ ਕਾਰਣ ਪਸ਼ੂਧਨ ਉਤਪਾਦ ਵਿਭਿੰਨ ਤਰੀਕਿਆਂ ਨਾਲ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿਚ ਖੇਤੀਬਾੜੀ ਸੰਬੰਧੀ ਬਹੁਤ ਵਾਤਾਵਰਣ ਸਨੇਹੀ ਗਿਆਨ ਪਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਪਰੰਪਰਾਗਤ ਪਸ਼ੂ ਦਵਾਈਆਂ ਅਤੇ ਗਿਆਨ ਨੂੰ ਮੁੜ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।
ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ, ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਲੁਧਿਆਣਾ ਨੇ ਕਿਹਾ ਕਿ ਇਕ ਸਿਹਤ ਵਿਸ਼ੇ ਨੂੰ ਉਤਸਾਹਿਤ ਕਰਨ ਲਈ ਸਾਨੂੰ ਟਿਕਾਊ ਖੁਰਾਕ ਉਤਪਾਦਨ ਦੇ ਨਾਲ ਵਾਤਾਵਰਣ ਸੰਭਾਲ ਸੰਬੰਧੀ ਵੀ ਕੰਮ ਕਰਨਾ ਲੋੜੀਂਦਾ ਹੈ। ਇਸ ਕਾਰਜ ਲਈ ਉਨ੍ਹਾਂ ਨੇ ਇਸ ਸਿਖਲਾਈ ਨੂੰ ਬਹੁਤ ਮਹੱਤਵਪੂਰਨ ਦੱਸਿਆ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਜਲਵਾਯੂ ਤਬਦੀਲੀਆਂ ਰਾਹੀਂ ਭਾਰਤ ਦੇ ਡੇਅਰੀ ਉਦਯੋਗ ਨੂੰ ਗੰਭੀਰ ਚੁਣੌਤੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਨਾਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਪਸ਼ੂ ਪਾਲਣ ਕਿੱਤਿਆਂ ਦੀਆਂ ਕਾਰਬਨ ਪੈੜ੍ਹ ਚਿੰਨ੍ਹਾਂ ਨੂੰ ਘਟਾਉਣ ਵਿਚ ਸਾਰਥਕ ਯੋਗਦਾਨ ਪਾਉਣਗੇ।
ਡਾ. ਸਿਮਰਨਪ੍ਰੀਤ ਕੌਰ ਅਤੇ ਡਾ. ਰਜਨੀਸ਼ ਸ਼ਰਮਾ ਨੇ ਜੈਵਿਕ ਸੁਰੱਖਿਆ ਅਤੇ ਐਂਟੀਬਾਇਟਿਕ ਰਹਿੰਦ-ਖੂੰਹਦ ਤੋਂ ਮੁਕਤ ਪਸ਼ੂ ਉਤਪਾਦਾਂ ਬਾਰੇ ਗੱਲ ਕੀਤੀ। ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਪਸ਼ੂਆਂ ਦੀਆਂ ਘਰੇਲੂ ਦਵਾਈਆਂ ਸੰਬੰਧੀ ਚਾਨਣਾ ਪਾਇਆ। ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੁੱਧ ਉਤਪਾਦਨ ਵਧਾਉਣ ਸੰਬੰਧੀ ਖੁਰਾਕ ਨੀਤੀਆਂ ਦੀ ਗੱਲ ਕੀਤੀ। ਡਾ. ਸੰਜੇ ਚੌਧਰੀ ਨੇ ਪਸ਼ੂਆਂ ਦੇ ਮਲ-ਮੂਤਰ ਨੂੰ ਖੇਤੀਬਾੜੀ ਵਿਚ ਵਰਤਣ ਦੇ ਵਾਤਾਰਣ ਸਨੇਹੀ ਹਲ ਦੱਸੇ।