ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯੂ.ਐਨ.ੳ ਭਾਰਤ ਸਰਕਾਰ ਤੇ ਆਪਣਾ ਦਬਾਅ ਬਣਾਏ-ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ
ਲੁਧਿਆਣਾ 28 ਫਰਵਰੀ (ਕਰਨੈਲ ਸਿੰਘ ਐੱਮ.ਏ.) ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਗੁਰਮਤਿ ਸੰਗੀਤ ਕਲਾ ਨੂੰ ਸਮੁੱਚੇ ਸੰਸਾਰ ਅੰਦਰ ਪ੍ਰਫੁੱਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਸੰਸਥਾ ਜਵੱਦੀ ਟਕਸਾਲ ਲੁਧਿਆਣਾ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ ਜੇਲ੍ਹਾਂ (ਕਾਲ ਕੋਠੜੀਆਂ) ਅੰਦਰ ਪਿਛਲੇ ਲੰਮੇ ਅਰਸੇ ਤੋਂ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਮਾਰਦਿਆਂ ਹੋਇਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮਨੁੱਖੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਆਪਣੀਆਂ ਮਿੱਥੀਆਂ ਸ਼ਾਜਾਵਾਂ ਕੱਟ ਚੁੱਕੇ ਸਮੂਹ ਬੰਦੀ ਸਿੰਘਾਂ ਦੀ ਤਰੁੰਤ ਰਿਹਾਈ ਕੀਤੀ ਜਾਵੇ। ਅੱਜ ਉਕਤ ਮੁੱਦੇ ਸੰਬੰਧੀ ਗੱਲਬਾਤ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੋੜਨ ਦਾ ਕਾਰਜ ਕਰ ਰਹੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਉੱਪਰ ਜਿਸ ਤਰੀਕੇ ਨਾਲ ਐਨ.ਐਸ.ਏ. ਦਾ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਡਿਬਰੂਗੜ(ਅਸਾਮ) ਦੀ ਜ਼ੇਲ੍ਹ ਵਿੱਚ ਨਜ਼ਰਬੰਦ ਕਰਕੇ ਉਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਉਹ ਸਿੱਧੇ ਰੂਪ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਇਸੇ ਤਰ੍ਹਾਂ ਇੱਕ ਪਾਸੇ ਭਾਰਤ ਸਰਕਾਰ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਅਤੇ ਮਾਲੇ ਗਾਂਵ ਬੰਬ ਧਮਾਕੇ ਨਾਲ ਸੰਬੰਧਿਤ ਮੁੱਖ ਦੋਸ਼ੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਹੈ।ਜਦ ਕਿ ਦੂਜੇ ਪਾਸੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਨਾ ਕਰਨਾ ਸਿੱਧੇ ਰੂਪ ਵਿੱਚ ਸਿੱਖਾਂ ਨਾਲ ਵੱਡੀ ਬੇਇਨਸਾਫੀ ਹੈ। ਜਿਸ ਨੂੰ ਹੁਣ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਦੇਸ਼ ਦੀਆਂ ਸਮੂਹ ਸਿੱਖ ਜੱਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਮਨੁੱਖੀ ਅਧਿਕਾਰ ਜੱਥੇਬੰਦੀਆਂ ਦੇ ਕਾਰਕੁੰਨਾਂ ਅਤੇ ਯੂ.ਐਨ.ੳ. ਦੇ ਮੁੱਖੀ ਨੂੰ ਆਪਣੇ ਵੱਲੋਂ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਭਾਰਤ ਸਰਕਾਰ ਦੇ ਉੱਪਰ ਆਪਣਾ ਸਖਤ ਦਬਾ ਬਣਾਉਣ ਤਾਂ ਕਿ ਸਖਤ ਸ਼ਜਾਵਾਂ ਕੱਟ ਚੁੱਕੇ ਸਿੰਘਾਂ( ਵਿਅਕਤੀਆਂ) ਦੀਆਂ ਮਨੁੱਖੀ ਜ਼ਿੰਦਗੀਆਂ ਨੂੰ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚੋਂ ਆਜ਼ਾਦ ਕਰਵਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਰਿਹਾਈ ਲਈ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਵਿੱਚ ਚੱਲ ਰਹੀ ਲਗਾਤਾਰ ਭੁੱਖ ਹੜਤਾਲ ਦਾ ਜਵੱਦੀ ਟਕਸਾਲ ਵੱਲੋਂ ਪੂਰਨ ਰੂਪ ਵਿੱਚ ਹਮਾਇਤ ਦੇਣ ਦਾ ਐਲਾਨ ਕਰਦਿਆਂ ਸਮੁੱਚੀ ਕੌਮ ਨੂੰ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਬੁਲੰਦ ਕਰਨ ਦੀ ਅਪੀਲ ਵੀ ਕੀਤੀ ਤਾਂ ਕਿ ਸਿੱਖ ਯੋਧਿਆਂ ਦੀ ਰਿਹਾਈ ਤਰੁੰਤ ਹੋ ਸਕੇ।