ਮੀਟਿੰਗ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਮੁੱਲਾਂਪੁਰ ਦਾਖਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ) ਸਥਾਨਕ ਕਸਬੇ ਦੇ ਡਾ. ਬੀ.ਆਰ.ਅੰਬੇਡਕਰ ਭਵਨ ਵਿਖੇ ਚਾਰ ਪਾਰਟੀਆਂ ਵੱਲੋਂ ਨਵੀਂ ਬਣੀ ਪਾਰਟੀ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਵਰਕਰਾਂ ਦੀ ਪਲੇਠੀ ਮੀਟਿੰਗ ਹੋਈ। ਜਿਸਦੀ ਅਗਵਾਈ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਹ, ਤਰੁਣ ਕੁਮਾਰ ਜੈਨ ਚੁੱਘ ਅਤੇ ਬਲਵਿੰਦਰ ਸਿੰਘ ਨੇ ਕੀਤੀ। ਇਸ ਮੀਟਿੰਗ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸਾ ਦੇਣਗੇ। ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਦੇ ਅਨੁਸਾਰ ਕੇਸਰੀ ਝੰਡੇ ਅਧੀਨ ਰਵਾਇਤੀ ਆਗੂਆਂ ਤੋਂ ਬਿਨਾਂ ਦਲਿਤਾਂ, ਕਿਰਤੀਆਂ, ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਨਾਲ ਸਪੰਰਕ ਕਰਕੇ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ।
ਉਕਤ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਉਹ ਅਜਾਦੀ ਵੇਲੇ ਕੌਮੀ ਆਗੂਆਂ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਅਨੰਦਪੁਰ ਮਤੇ ਲਈ ਸ਼ਾਤਮਈ ਸੰਵਿਧਾਨਕ ਦੋਹਾਂ ਤਰ੍ਹਾਂ ਨਾਲ ਗੱਲਬਾਤ ਅਤੇ ਸੰਘਰਸ਼ ਦਾ ਰਸਤਾ ਅਪਨਾਉਣਗੇ। ਦੇਸ ਦੀ ਫੈਡਰਲਇਜਮ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਰਾਜਸੀ ਧਿਰਾਂ ਨਾਲ ਸੰਪਰਕ ਵਧਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਪੰਥ ਪੰਜਾਬ ਤੋਂ ਤਾਕਤ ਲੈ ਕੇ ਪੰਥ ਪੰਜਾਬ ਨਾਲ ਹੀ ਗਦਾਰੀ ਕੀਤੀ। ਉਨ੍ਹਾਂ ਕਿਹਾ ਕਿ ਧਰਮ ਯੁੱਧ ਜਿੱਤਿਆ ਨਹੀ ਗਿਆ, ਹਾਰਿਆ ਭੀ ਨਹੀ ਗਿਆ ਅਤੇ ਛੱਡਿਆ ਭੀ ਨਹੀ। ਭਾਈ ਗੁਰਦੀਪ ਸਿੰਘ ਨੇ ਕਿਹਾ ਸੰਨ 1978 ਤੋਂ ਸ਼ਹੀਦ ਹੋਏ ਹਜਾਰਾਂ ਸਿੱਖਾਂ ਦੇ ਖੂਨ ਨੂੰ ਹਾਜਰ ਮੰਨ ਕੇ ਕਿਹਾ ਕਿ ਜੇਕਰ ਸਾਡੇ ਉਦੇਸਾਂ ਲਈ ਸਿਰ ਭੀ ਲੱਗ ਜਾਵੇ ਤਾਂ ਇਹ ਸੌਦਾ ਸਸਤਾ ਹੋਵੇਗਾ। ਮੀਟਿੰਗ ਵਿੱਚ ਮਤਿਆਂ ਵਿੱਚ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਜਲੀ ਦੇ ਕੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ।
ਮੀਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਸਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮਤੇ ਵਿੱਚ ਵਪਾਰੀਆਂ ਵੱਲੋਂ ਮਿਤੀ । ਮਾਰਚ ਨੂੰ ਬੰਦ ਦੇ ਸੱਦੇ ਦੀ ਹਮਾਇਤ ਕੀਤੀ। ਪਾਕਿਸਤਾਨ ਨਾਲ ਵਪਾਰਕ ਲਾਂਘਾ ਖੋਲਣ, ਸ੍ਰੀ ਕਰਤਾਰਪੁਰ ਸਾਹਿਬ ਦੀ ਜਮੀਨ ਦਾ ਭਾਰਤ ਨਾਲ ਵਟਾਂਦਰਾਂ ਅਤੇ ਪਾਕਿਸਤਾਨ ਵਿੱਚ ਸਾਰੇ ਗੁਰਧਾਮਾਂ ਅਤੇ ਮੰਦਿਰਾਂ ਦੇ ਅਧਾਰ ਕਾਰਡ ਤੇ 15 ਦਿਨਾਂ ਲਈ ਖੁੱਲੇ ਦਰਸ਼ਨਾਂ ਦੀ ਮੰਗ ਕੀਤੀ। ਇੱਕ ਮਤੇ ਵਿੱਚ ਪੰਜਾਬ, ਪੰਥ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਧੱਕੇ, ਜੁਲਮ ਅਤੇ ਕਤਲੇਆਮ ਬਾਰੇ ਯੂ.ਐਨ.ਓ. ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ।
ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਨੂੰ ਤੇਜ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਦਵਿੰਦਰਪਾਲ ਸਿੰਘ ਭੁੱਲਰ, ਫਾਂਸੀ ਦੀ ਸਜਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫ ਕਰਾਉਣੀ, ਡਿਬਰੂਗੜ੍ਹ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀਆਂ ਦੀ ਰਿਹਾਈ ਲਈ ਮਤੇ ਪਾਸ ਕੀਤੇ।
ਇਸ ਮੌਕੇ ਰਣਜੀਤ ਸਿੰਘ ਕੁੱਕੀ, ਸਤਨਾਮ ਸਿੰਘ ਮਨਾਵਾਂ, ਬੱਗਾ ਸਿੰਘ ਮਨਰੇਗਾ ਫਰੰਟ, ਮਿੰਟੂ ਸਰਪੰਚ ਰਣਸੀਂਹ ਕਲਾਂ, ਹਰਕੀਰਤ ਸਿੰਘ ਰਾਏ, ਸਵਰਨ ਸਿੰਘ ਫਾਜਿਲਕਾ, ਸੁਖਰਾਜ ਸਿੰਘ ਬਰਾੜ ਅਸੂਲ ਮੰਚ ਆਦਿ ਹਾਜਰ ਸਨ।
ਬਸਪਾ ਦੇ ਸੂਬਾਈ ਪ੍ਰਧਾਨ ਗੜੀ ਨੇ ਕੀ ਕਿਹਾ - ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਪੁਜਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਗਠਜੋੜ ਉਭਰਨ ਦੇ ਹਾਲਤ ਬਦਲੇ, ਜਿੱਥੇ ਪ੍ਰਧਾਨ ਗੜੀ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਗਰੀਬ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਭੈਣ ਮਾਇਆਵਤੀ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਹੀ ਦੇਸ ਦੇ ਗਰੀਬ, ਕਿਰਤੀ, ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਜਿੱਥੇ ਵੀ ਕਦੇ ਕੋਈ ਵੀ ਪੰਥਕ ਇਕੱਠ ਹੁੰਦਾ ਹੈ ਤਾਂ ਉਹ ਜਰੂਰ ਪੁੱਜਦੇ ਹਨ।