You are here

ਪੀ.ਏ.ਯੂ. ਵਿਚ ਮਾਤ-ਭਾਸ਼ਾ ਸੰਬੰਧੀ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਵਿਸ਼ੇਸ਼ ਸਮਾਗਮ ਕਰਵਾਇਆ

ਲੁਧਿਆਣਾ, 22 ਫਰਵਰੀ(ਟੀ. ਕੇ.) 
 ਕੌਮਾਂਤਰੀ ਮਾਤ ਭਾਸ਼ਾ ਮੌਕੇ ਪੀ.ਏ.ਯੂ. ਦੇ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਵਿਦਿਆਰਥੀ ਕਵੀ ਦਰਬਾਰ ਆਯੋਜਿਤ ਕੀਤਾ। ਇਸ ਵਿਚ ਦੋ ਦਰਜਨ ਦੇ ਕਰੀਬ ਵਿਦਿਆਰਥੀ ਕਵੀਆਂ ਨੇ ਮਾਤ ਭਾਸ਼ਾ ਦੇ ਮਹਾਤਮ ਬਾਰੇ ਆਪਣੀਆਂ ਕਵਿਤਾਵਾਂ ਪੜ•ੀਆਂ। ਇਸ ਤੋਂ ਇਲਾਵਾ ਸੱਭਿਆਚਾਰ ਦੇ ਪੁਰਾਤਨ ਰੰਗਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਵਿਚ ਇਹਨਾਂ ਵਿਦਿਆਰਥੀਆਂ ਨੇ ਆਪਣੀ ਭਾਸ਼ਾ ਦੇ ਵਿਰਸੇ ਨੂੰ ਅਪਨਾਉਣ ਦਾ ਪ੍ਰਣ ਲਿਆ।

 
ਇਸ ਮੌਕੇ ਢਾਡੀ ਪ੍ਰੰਪਰਾ ਦੇ ਉੱਘੇ ਹਸਤਾਖਰ ਸ. ਸਤਿੰਦਰਪਾਲ ਸਿੰਘ ਸਿੱਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਸਿੱਧਵਾਂ ਨੇ ਆਪਣੀ ਭਾਸ਼ਾ ਨੂੰ ਅਪਨਾਉਣ ਲਈ ਇਹਨਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼-ਵਿਦੇਸ਼ ਵਿਚ ਪੰਜਾਬੀ ਬੋਲੀ ਦਾ ਮਹੱਤਵ ਵੱਧ ਰਿਹਾ ਹੈ ਅਤੇ ਇਹ ਨਾ ਸਿਰਫ ਪੰਜਾਬੀਆਂ ਦੀ ਪਛਾਣ ਦਾ ਮੁੱਦਾ ਹੈ ਬਲਕਿ ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਸਹੀ ਪ੍ਰਗਟਾਵਾ ਵੀ ਮਿਲਦਾ ਹੈ।

 
ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਕਿਹਾ ਕਿ ਕੋਈ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੇ ਪਰ ਜੋ ਜਾਇਕਾ ਆਪਣੀ ਮਾਤ ਭਾਸ਼ਾ ਬੋਲ ਕੇ ਆਉਂਦਾ ਹੈ ਉਹ ਹੋਰ ਭਾਸ਼ਾਵਾਂ ਵਿਚ ਨਹੀਂ ਆਉਂਦਾ। ਡਾ. ਬੈਂਸ ਨੇ ਕਿਸੇ ਵਿਅਕਤੀ ਨੂੰ ਮੱੁਢਲੀ ਭਾਸ਼ਾ ਮਾਤ ਭਾਸ਼ਾ ਵਿਚ ਦੇਣ ਅਤੇ ਇਸ ਰਾਹੀਂ ਸਰਵਪੱਖੀ ਵਿਕਾਸ ਦੀ ਗੱਲ ਕੀਤੀ।

 
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਪੀ.ਏ.ਯੂ. ਵੱਲੋਂ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਲਈ ਕੀਤੇ ਯਤਨਾਂ ਦਾ ਵੇਰਵਾ ਦਿੰਦਿਆਂ ਇਹਨਾਂ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਨੂੰ ਰੁਜ਼ਗਾਰ ਨਾਲ ਜੋੜ ਕੇ ਸਾਡੀ ਮਾਤ ਭਾਸ਼ਾ ਹੋਰ ਮਹੱਤਵਪੂਰਨ ਹੋ ਸਕਦੀ ਹੈ।

ਜੁਆਲੋਜੀ ਦੇ ਪ੍ਰੋਫੈਸਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਵਿੰਦਰ ਕੋਚਰ ਨੇ ਸਭ ਦਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅੰਤ ਵਿਚ ਧੰਨਵਾਦ ਦੇ ਸ਼ਬਦ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਜਸਵਿੰਦਰ ਕੌਰ ਬਰਾੜ ਨੇ ਧੰਨਵਾਦ ਦੇ ਸ਼ਬਦ ਕਹੇ। ਸਮਾਰੋਹ ਦਾ ਸੰਚਾਲਨ ਕੁਮਾਰੀ ਪ੍ਰੀਤੀਮਨ ਅਤੇ ਸ਼੍ਰੀ ਤਰੁਨ ਕਪੂਰ ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਖੇਤੀਬਾੜੀ ਕਾਲਜ ਦੇ ਸਾਬਕਾ ਡੀਨ ਡਾ. ਐੱਮ ਐੱਸ ਬਾਜਵਾ ਅਤੇ ਸਾਬਕਾ ਭੂਮੀ ਵਿਗਿਆਨੀ ਡਾ. ਆਈ ਐੱਮ ਛਿੱਬਾ ਵੱਲੋਂ ਲਿਖੀ ਕਿਤਾਬ ਪੰਜਾਬ ਖੇਤੀਬਾੜੀ: ਰੌਸ਼ਨ ਭਵਿੱਖ ਦੀ ਰੂਪਰੇਖਾ ਵੰਡੀ ਗਈ। ਵਿਦਿਆਰਥੀਆਂ ਨੇ ਕਵਿਤਾਵਾਂ ਦੇ ਨਾਲ-ਨਾਲ ਸਕਿੱਟ, ਮੋਨੋਲਾਗ, ਪ੍ਰਸ਼ਨੋਤਰੀ ਅਤੇ ਹੋਰ ਖੇਡਾਂ ਵੀ ਪੇਸ਼ ਕੀਤੀਆਂ।