You are here

ਮੋਦੀ ਹਕੂਮਤ ਦੀ ਹਿਟਲਰਸ਼ਾਹੀ ਖਿਲਾਫ ਰੋਸ ਵਜੋਂ ਚੋਕੀਮਾਨ ਟੋਲ ਪਲਾਜ਼ਾ ਕੀਤਾ ਲੋਕਾਂ ਲਈ ਫਰੀ

ਮੁੱਲਾਂਪੁਰ ਦਾਖਾ 22 ਫਰਵਰੀ (ਸਤਵਿੰਦਰ  ਸਿੰਘ ਗਿੱਲ) - ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ਅਤੇ ਮੋਦੀ ਸਰਕਾਰ ਦੀ ਹਿਟਲਰਸ਼ਾਹੀ ਖਿਲਾਫ ਪੰਜਾਬ ਭਰ ’ਚ ਟੋਲ ਪਲਾਜੇ ਪਰਚੀ ਮੁਕਤ ਕਰਵਾਏ ਗਏ।  ਇਸੇ ਲੜੀ ਤਹਿਤ  ਚੋਕੀਮਾਨ ਟੋਲ ਪਲਾਜੇ ਤੇ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪਰਚੀ ਮੁਕਤ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰਾਂ ਨੇ ਇਥੇ ਰੈਲੀ ਕਰਕੇ ਪਲਾਜੇ ਤੇ ਕੋਈ ਵੀ ਪਰਚੀ ਨਾ ਕਟਣ ਦਿੱਤੀ। 
              ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਤਰਸੇਮ ਸਿੰਘ ਬਲਾਕ ਪ੍ਰਧਾਨ, ਇੰਦਰਜੀਤ ਸਿੰਘ ਧਾਲੀਵਾਲ ਜਗਰਾਓ ਜਿਲ੍ਹਾ ਸਕੱਤਰ, ਬੇਅੰਤ ਸਿੰਘ ਬਲਾਕ ਪ੍ਰਧਾਨ, ਸੰਤੋਖ ਸਿੰਘ ਖਾਲਸਾ, ਹਰਬੰਸ ਸਿੰਘ ਬੀਰਮੀ, ਦੇਸ਼ਰਾਜ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ ਬੁਰਜ ਮਾਨ ਕੌਰ, ਬੰਤ ਸਿੰਘ ਭਰੋਵਾਲ ਖੁਰਦ,  ਕਿਸਾਨ ਆਗੂ ਬਲਰਾਜ ਸਿੰਘ ਕੋਟ ਉਮਰਾ, ਕੁਲਦੀਪ ਸਿੰਘ ਆਦਿ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ਸ਼ੀਲ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੀ ਪੰਜ ਫਸਲਾਂ ਦੀ ਪੰਜ ਸਾਲ ਠੇਕਾ ਕੰਪਨੀਆਂ ਵਲੋਂ ਖਰੀਦ ਪਰਪੋਜ਼ਲ ਰੱਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਂਝੇ ਅਤੇ ਵਿਸ਼ਾਲ ਸੰਘਰਸ਼ ਤੋਂ ਬਿਨਾਂ ਕੁੱਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਉਨਾਂ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਣ ਦੇ ਜਾਬਰ ਤਰੀਕਿਆਂ ਦਾ ਜੋਰਦਾਰ ਖੰਡਨ ਕਰਦਿਆਂ ਖੱਟਰ ਤੇ ਮੋਦੀ ਸਰਕਾਰ ਨੂੰ ਸਰਕਾਰੀ ਗੁੰਡਾਗਰਦੀ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ।  ਉਨਾਂ ਕਿਹਾ ਕਿ ਇਸ ਹਾਲਤ ਚ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਹਦਾਇਤ ਤੱਕ ਜਾ ਕੇ ਇਸ ਤਾਨਾਸ਼ਾਹ ਸਰਕਾਰ ਦਾ ਗਰੂਰ ਚਕਨਾਚੂਰ ਕਰਨ ਲਈ ਮਜਬੂਰ ਹੋਵੇਗਾ। ਉਨਾਂ ਕਿਹਾ ਕਿ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਹੁਣ ਤਕ ਤਿੰਨ ਕਿਸਾਨ ਜਾਨਾਂ ਗਵਾ ਚੁਕੇ ਹਨ। ਉਨਾਂ ਕਿਹਾ ਬਠਿੰਡਾ ਜਿਲ੍ਹੇ ਦੇ ਪਿੰਡ ਬੱਲੋ ਦੇ 21 ਸਾਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਵਿਛੋੜੇ ’ਤੇ ਸ਼ਰਧਾਂਜਲੀ ਭੇਂਟ ਕੀਤੀ।