ਲੁਧਿਆਣਾ, 21 ਫਰਵਰੀ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਇਕ ਤਿੰਨ ਦਿਨ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਦਾ ਵਿਸ਼ਾ ਸੀ ‘ਕਿਸਾਨ ਉਤਪਾਦਕ ਸੰਗਠਨ ਨੂੰ ਵਿਗਿਆਨਕ ਡੇਅਰੀ ਫਾਰਮਿੰਗ ਸਿਖਲਾਈ’। ਇਸ ਦੇ ਤਹਿਤ ਮੁਸ਼ਕਾਬਾਦ ਡੇਅਰੀ ਉਤਪਾਦ ਕੰਪਨੀ ਲਿਮ. ਦੇ ਨਿਰਦੇਸ਼ਕ ਬੋਰਡ ਨੂੰ ਸਿਖਲਾਈ ਦਿੱਤੀ। ਡਾ. ਰਾਜੇਸ਼ ਕਸਰੀਜਾ ਅਤੇ ਡਾ. ਅਮਨਦੀਪ ਸਿੰਘ ਸਿਖਲਾਈ ਸੰਯੋਜਕਾਂ ਨੇ ਦੱਸਿਆ ਕਿ ਇਹ ਸੰਗਠਨ ਵੈਟਨਰੀ ਯੂਨੀਵਰਸਿਟੀ ਦੀ ਤਕਨੀਕੀ ਸਹਾਇਤਾ ਅਧੀਨ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਵਿਗਿਆਨਕ ਡੇਅਰੀ ਫਾਰਮਿੰਗ ਨੂੰ ਉਤਸਾਹਿਤ ਕਰਨ ਹਿਤ ਪਸ਼ੂ ਨਸਲਾਂ ਦੀਆਂ ਵਿਸ਼ੇਸ਼ਤਾਵਾਂ, ਪਸ਼ੂ ਦੀ ਪਛਾਣ, ਰਿਕਾਰਡ ਰੱਖਣ, ਚਾਰਾ ਸੰਭਾਲਣ, ਸੰਤੁਲਿਤ ਖੁਰਾਕ, ਢਾਰਾ ਪ੍ਰਬੰਧ, ਬਿਮਾਰੀਆਂ ’ਤੇ ਕਾਬੂ ਪਾਉਣ ਦੇ ਨਾਲ ਪ੍ਰਜਣਨ ਪ੍ਰਬੰਧਨ ਬਾਰੇ ਵੀ ਸਿੱਖਿਅਤ ਕੀਤਾ ਗਿਆ।
ਇਸ ਸੰਦਰਭ ਵਿਚ ਬਿਹਤਰ ਮੰਡੀਕਾਰੀ ਨੂੰ ਨਿਸ਼ਚਿਤ ਕਰਨ ਲਈ ਡਾ. ਖੁਸ਼ਦੀਪ ਧਰਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਵਿਸ਼ੇਸ਼ ਲੈਕਚਰ ਰੱਖਿਆ ਗਿਆ। ਸ਼੍ਰੀ ਦਵਿੰਦਰ ਕੁਮਾਰ, ਪ੍ਰਬੰਧਕ, ਨਾਬਾਰਡ ਬੈਂਕ ਨੇ ਬਿਹਤਰ ਕੀਮਤ ਲਈ ਮੰਡੀਕਾਰੀ ਪ੍ਰਣਾਲੀ ਸੰਬੰਧੀ ਜਾਣਕਾਰੀ ਦਿੱਤੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਪ੍ਰੋਗਰਾਮ ਇਕ ਖੋਜ ਪ੍ਰਾਜੈਕਟ ਅਧੀਨ ਕਰਵਾਇਆ ਗਿਆ ਜਿਸ ਸੰਬੰਧੀ ਨਾਬਾਰਡ ਬੈਂਕ ਨੇ ਵਿਤੀ ਸਹਾਇਤਾ ਮੁਹੱਈਆ ਕੀਤੀ ਹੈ। ਇਸ ਸੰਗਠਨ ਵਿਚ ਭਾਰਤੀ ਕੰਪਨੀ ਐਕਟ ਅਧੀਨ 100 ਮੈਂਬਰ ਦਰਜ ਹਨ। ਇਥੇ ਇਹ ਦੱਸਣਾ ਵਰਣਨਯੋਗ ਹੈ ਕਿ ਕਿਸਾਨ ਉਤਪਾਦਕ ਸੰਗਠਨਾਂ ਰਾਹੀਂ ਭਾਰਤ ਸਰਕਾਰ ਕਿਸਾਨਾਂ ਨੂੰ ਆਪਣੇ ਸਮੂਹ ਬਨਾਉਣ ਲਈ ਪ੍ਰੇਰਦੀ ਹੈ ਤਾਂ ਜੋ ਕਿਸਾਨ ਆਪਣੇ ਤੌਰ ’ਤੇ ਵਪਾਰਕ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਆਪਣੇ ਸਮਾਜਿਕ, ਆਰਥਿਕ ਰੁਤਬੇ ਨੂੰ ਬਿਹਤਰ ਕਰ ਸਕਣ। ਇਸ ਮੌਕੇ ਸ਼੍ਰੀ ਦਵਿੰਦਰ ਕੁਮਾਰ, ਪ੍ਰਬੰਧਕ, ਨਾਬਾਰਡ ਨੇ ਯੂਨੀਵਰਸਿਟੀਆਂ ਦੀਆਂ ਪੁਸਤਕਾਂ ਵੀ ਨਿਰਦੇਸ਼ਕ ਬੋਰਡ ਦੇ ਮੈਂਬਰਾਂ ਨੂੰ ਤਕਸੀਮ ਕੀਤੀਆਂ।