ਮੁੱਲਾਂਪੁਰ ਦਾਖਾ 20 ਫਰਵਰੀ (ਸਤਵਿੰਦਰ ਸਿੰਘ ਗਿੱਲ) ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਿਤ ਮੰਗਾਂ ਮਨਵਾਉਣ ਲਈ ਸਯੁੰਕਤ ਕਿਸਾਨ ਮੋਰਚਾ (ਗੈਰਰਾਜਨੀਤਕ) ਦੀ ਅਗਵਾਈ ਹੇਠ,ਕੇਂਦਰ ਦੀ ਮੋਦੀ ਹਕੂਮਤ ਵਿਰੁੱਧ ਜਮਹੂਰੀ ਤੌਰ ਤਰੀਕੇ ਤਹਿਤ ਸ਼ਾਂਤੀ ਪੂਰਵਕ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਾਈਆਂ ਵੱਡੀਆਂ ਰੋਕਾਂ ਅਤੇ ਅੰਦੋਲਨਕਾਰੀਆਂ ਉਪਰ ਕੀਤੇ ਜਾ ਰਹੇ ਡਰੋਨ, ਪੈਲਟ ਗੰਨਾ,ਵਾਟਰ ਕੈਨਨ ਆਦਿ ਨਾਲ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ ਅੱਜ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਟੋਲ ਪਲਾਜ਼ਾ ਚੌਂਕੀਮਾਨ ਟੋਲ ਮੁਕਤ ਕੀਤਾ ਗਿਆ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੇ ਫਿਰਕੂ ਫਾਸ਼ੀ ਮੋਦੀ ਹਕੂਮਤ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ, ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਬਿਲਕੁਲ ਜਾਇਜ਼ ਹਨ ਇਨ੍ਹਾਂ ਮੰਗਾਂ ਨੂੰ ਤਰੁੰਤ ਮੰਨਿਆ ਜਾਵੇ, 'ਦਿੱਲੀ ਸਿਰਫ਼ ਭਾਜਪਾ ਦੀ ਹੀ ਨਹੀਂ, ਪੂਰੇ ਮੁਲਕ ਦੀ ਰਾਜਧਾਨੀ ਹੈ ਸੋ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ। ਜੱਥੇਬੰਦੀਆਂ ਨੇ ਆਮ ਲੋਕਾਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਦਾ ਸੱਦਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਥੇਦਾਰ ਰਣਜੀਤ ਸਿੰਘ ਗੁੜੇ,ਬਿੱਲੂ ਵਲੈਤੀਆ,ਅਮਰੀਕ ਸਿੰਘ ਤਲਵੰਡੀ, ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਜਸਵੰਤ ਸਿੰਘ ਮਾਨ,ਉਜਾਗਰ ਸਿੰਘ ਬੱਦੋਵਾਲ, ਗੁਰਮੇਲ ਸਿੰਘ ਰੂਮੀ ਆਦਿ ਹਾਜ਼ਰ ਸਨ।