ਨਵੀਂ ਦਿੱਲੀ, 4 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦਿੱਲੀ ਵਿਚ ਯਮੁਨਾ ਪਾਰ ਇਲਾਕੇ ਵਿਚ ਗੁਰੂ ਕਾ ਬਾਗ ਦਿੱਲੀ ਦੀ ਥਾਂ ਦੀ ਜੋ ਕਾਰ ਸੇਵਾ ਜਥੇਬੰਦੀ ਬਾਬਾ ਬਚਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਉਸ ਮਾਮਲੇ ਵਿਚ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਤੋਂ ਸਬੂਤ ਤਲਬ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਹਲੋਂ ਨੇ ਕਿਹਾ ਕਿ ਇਸ ਜ਼ਮੀਨ ਬਾਰੇ ਕਈ ਵਿਵਾਦਤ ਬਿਆਨ ਕੁਝ ਸਮੇਂ ਤੋਂ ਚਲ ਰਹੇ ਸਨ। ਉਹਨਾਂ ਕਿਹਾ ਕਿ ਅੱਜ ਗਿਆਨੀ ਰਘਬੀਰ ਸਿੰਘ ਨੇ ਇਕ ਚਿੱਠੀ ਜਾਰੀ ਕਰ ਕੇ ਮਨਜੀਤ ਸਿੰਘ ਜੀ.ਕੇ. ਤੋਂ ਸਬੂਤ ਮੰਗੇ ਹਨ ਜਿਸਦਾ ਉਹ ਸਵਾਗਤ ਕਰਦੇ ਹਨ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਡੇਰੇ ਦੇ ਸੇਵਾਦਾਰਾਂ ਵਾਸਤੇ ਲੈਂਡ ਮਾਫੀਆ, ਭੂ ਮਾਫੀਆ ਦੀ ਵਰਤਣੇ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਪੰਥ ਰਤਨ ਬਾਬਾ ਹਰਬੰਸ ਸਿੰਘ ਵੱਲੋਂ ਵਰੋਸਾਏ ਬਾਬਾ ਬਚਨ ਸਿੰਘ ਜੀ ਨੇ ਕੌਮ ਦੀਆਂ ਅਨੇਕਾਂ ਕਾਰਜਾਂ ਲਈ ਵੱਡੀਆਂ ਸੇਵਾਵਾਂ ਦਿੱਤੀਆਂ ਹਨ। ਅਜਿਹੀਆਂ ਉੱਚੀਆਂ ਸੁੱਚੀਆਂ ਸ਼ਖਸੀਅਤਾਂ ਵਾਸਤੇ ਇਸ ਤਰੀਕੇ ਦੀਆਂ ਬਿਆਨਬਾਜ਼ੀਆਂ ਕਰਨੀਆਂ, ਸੰਗਤਾਂ ਵਿਚ ਭੁਲੇਖੇ ਪਾਉਣੇ ਬਹੁਤ ਹੀ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਹੁਣ ਜਦੋਂ ਸਿੰਘ ਸਾਹਿਬ ਨੇ ਮਨਜੀਤ ਸਿੰਘ ਜੀ.ਕੇ. ਤੋਂ ਸਬੂਤ ਤਲਬ ਕੀਤੇ ਹਨ ਤਾਂ ਇਸ ਮਾਮਲੇ ਦੀ ਸਾਰੀ ਸੱਚਾਈ ਸੰਗਤ ਸਾਹਮਣੇ ਆ ਜਾਵੇਗੀ ਤੇ ਇਕ ਵਾਰ ਫਿਰ ਤੋਂ ਮਨਜੀਤ ਸਿੰਘ ਜੀ.ਕੇ. ਬੇਨਕਾਬ ਹੋਣਗੇ।