ਮੁਕੇਰੀਆਂ, ਸਤੰਬਰ 2019-( ਇਕਬਾਲ ਸਿੰਘ ਰਸੂਲਪੁਰ )- ਪੌਂਗ ਡੈਮ ਤੋਂ ਪਾਣੀ ਛੱਡਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਅੱਜ ਦੇਰ ਸ਼ਾਮ 6 ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਪਾਣੀ ਦਾ ਪੱਧਰ 1387.15 ਫੁੱਟ ’ਤੇ ਪੁੱਜ ਗਿਆ ਹੈ। ਅੰਕੜਿਆਂ ਅਨੁਸਾਰ ਔਸਤਨ ਆਮਦ 39608 ਕਿਊਸਿਕ ਹੈ ਅਤੇ 12137 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਬੀਐੱਮਬੀ ਪ੍ਰਸ਼ਾਸਨ ਨੇ 2 ਸਤੰਬਰ ਨੂੰ ਪੱਤਰ ਜਾਰੀ ਕਰਕੇ ਪ੍ਰਸ਼ਾਸਨ ਨੂੰ ਅਗਾਊਂ ਪ੍ਰਬੰਧਾਂ ਬਾਰੇ ਸੁਚੇਤ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਪਾਣੀ ਦਾ ਪੱਧਰ 1387 ਫੁੱਟ ’ਤੇ ਪੁੱਜਦਾ ਹੈ ਅਤੇ 14 ਹਜ਼ਾਰ ਕਿਊਸਿਕ ਪਾਣੀ ਸਪਿੱਲਵੇਅ ਰਾਹੀਂ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ। ਪਹਿਲਾਂ ਹੀ ਰੁਟੀਨ ਅਨੁਸਾਰ 12000 ਕਿਊਸਿਕ ਦੇ ਕਰੀਬ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾ ਰਿਹਾ ਹੈ। ਬੀਬੀਐੱਮਬੀ ਤਲਵਾੜਾ ਦੇ ਸੂਤਰਾਂ ਅਨੁਸਾਰ ਪਾਣੀ ਛੱਡਣ ਦਾ ਫ਼ੈਸਲਾ ਅੱਜ ਰਾਤ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ। ਇਸ ਬਾਬਤ ਸਿਵਲ ਪ੍ਰਸ਼ਾਸਨ ਨੂੰ ਪਾਣੀ ਛੱਡੇ ਜਾਣ ਬਾਰੇ 12 ਘੰਟੇ ਪਹਿਲਾਂ ਹਰ ਹੀਲੇ ਸੂਚਿਤ ਕਰਨਾ ਪਵੇਗਾ। ਪਾਣੀ ਦੀ ਔਸਤਨ ਆਮਦ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ, ਜਿਸ ਕਾਰਨ ਭਲਕੇ ਪਾਣੀ ਛੱਡਣ ਦਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ।
ਐੱਸਡੀਐੱਮ ਅਦਿੱਤਿਆ ਉੱਪਲ ਨੇ ਕਿਹਾ ਕਿ ਪਾਣੀ ਦਾ ਪੱਧਰ ਵੱਧ ਚੁੱਕਾ ਹੈ, ਪਰ ਹਾਲੇ ਪਾਣੀ ਛੱਡੇ ਜਾਣ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸੰਭਾਵਿਤ 14000 ਕਿਊਸਿਕ ਪਾਣੀ ਸਪਿੱਲਵੇਅ ਰਾਹੀਂ ਬਿਆਸ ਦਰਿਆ ਵਿੱਚ ਛੱਡੇ ਜਾਣ ਦੀ ਯੋਜਨਾ ਹੈ ਅਤੇ 12000 ਕਿਊਸਿਕ ਦੇ ਕਰੀਬ ਪਾਣੀ ਟਰਬਾਈਨਾਂ ਰਾਹੀਂ ਮੁਕੇਰੀਆਂ ਹਾਈਡਲ ਚੈਨਲ ਸਮੇਤ ਸਿੰਜਾਈ ਨਹਿਰਾਂ ਵਿੱਚ ਛੱਡਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਿੰਡਾਂ ’ਚ ਮੁਨਾਦੀ ਕਰਵਾ ਕੇ ਚੌਕਸੀ ਵਜੋਂ ਸੈਕਟਰ ਇੰਚਾਰਜ ਤਾਇਨਾਤ ਕਰ ਦਿੱਤੇ ਗਏ ਹਨ। ਐੱਸਡੀਐੱਮ ਨੇ ਕਿਹਾ ਕਿ ਜੇਕਰ ਪਾਣੀ ਛੱਡਿਆ ਜਾਂਦਾ ਹੈ ਤਾਂ ਕਿਸੇ ਨੁਕਸਾਨ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਬਿਆਸ ਦਰਿਆ ਕਿਨਾਰੇ ਵਸਦੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।