ਲੰਡਨ, ਸਤੰਬਰ 2019 ( ਗਿਆਨੀ ਰਾਵਿਦਰਪਾਲ ਸਿੰਘ )-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਭਰਾ ਜੋ ਜੌਹਨਸਨ ਨੇ ਅੱਜ ਸੰਸਦ ਅਤੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਤਿੰਨ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦੌਰਾਨ 9 ਸਾਲ ਤੱਕ ਓਰਪਿੰਗਟਨ ਦੀ ਨੁਮਾਇੰਦਗੀ ਅਤੇ ਮੰਤਰੀ ਵਜੋਂ ਸੇਵਾ ਦਾ ਮੌਕਾ ਮਿਲਣਾ ਸਨਮਾਨ ਵਾਲੀ ਗੱਲ ਹੈ | ਹਾਲ ਹੀ ਦੇ ਕੁਝ ਹਫ਼ਤਿਆਂ ਵਿਚ ਮੈਂ ਪਰਿਵਾਰ ਅਤੇ ਦੇਸ਼ ਹਿੱਤ ਵਿਚਾਲੇ ਫਸਿਆ ਹੋਇਆ ਸੀ, ਜਿਸ ਦਾ ਹੱਲ ਨਹੀਂ ਮਿਲ ਪਾ ਰਿਹਾ ਅਤੇ ਸਮਾਂ ਆ ਗਿਆ ਹੈ ਕਿ ਕੋਈ ਹੋਰ ਮੇਰੇ ਸੰਸਦ ਮੈਂਬਰ ਅਤੇ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਲਵੇ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਜੋ ਜੌਹਨਸਨ ਨੂੰ ਉਨ੍ਹਾਂ ਦੇ ਸਰਵਿਸ ਲਈ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਉਹ ਇਮਾਨਦਾਰ, ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਸੰਸਦ ਮੈਂਬਰ ਰਹੇ | ਪ੍ਰਧਾਨ ਮੰਤਰੀ ਇਕ ਸਿਆਸੀ ਅਤੇ ਭਰਾ ਦੋਵੇਂ ਹੀ ਅਹੁਦੇ ਤੋਂ ਸਮਝਦੇ ਹਨ ਕਿ ਇਹ ਭਰਾ ਜੋ ਜੌਹਨਸਨ ਲਈ ਸੌਖਾ ਨਹੀਂ ਹੋਵੇਗਾ | ਜੋ ਜੌਹਨਸਨ ਨੇ ਕਿਹਾ ਕਿ ਮੈਂ ਭਰਾ ਬੋਰਿਸ ਜੌਹਨਸਨ ਦੀ ਸਰਕਾਰ ਵਿਚਲੇ ਹਾਲਾਤ ਨੂੰ ਕਬੂਲ ਕਰਕੇ ਇਹ ਫ਼ੈਸਲਾ ਲੈ ਰਿਹਾ ਹਾਂ | ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵਿਰੋਧ ਵਿਚ ਪਿਛਲੇ ਸਾਲ ਥੈਰੇਸਾ ਮੇਅ ਦੇ ਕਾਰਜਕਾਲ ਵਿਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ | ਉਨ੍ਹਾਂ ਨੂੰ ਪਿਛਲੇ ਮਹੀਨੇ ਯੂਨੀਵਰਸਿਟੀ ਅਤੇ ਸਾਇੰਸ ਮੰਤਰੀ ਬਣਾਇਆ ਗਿਆ ਸੀ | ਜੋ ਜੌਹਨਸਨ ਦਾ ਇਸ ਅਹਿਮ ਮੌਕੇ ਤੇ ਜਾਣਾ ਸੱਤਾਧਾਰੀ ਪਾਰਟੀ ਲਈ ਹੋਰ ਵੀ ਮੁਸ਼ਕਿਲ ਪੈਦਾ ਕਰ ਗਿਆ ਹੈ |