You are here

ਮੰਗਾਂ ਨੂੰ ਲੈ ਕੇ ਦਫਤਰੀ ਕਾਮਿਆਂ ਵੱਲੋਂ ਜਾਰੀ ਹੜਤਾਲ 'ਚ 20 ਨਵੰਬਰ ਤੱਕ ਵਾਧਾ

 ਪੀ.ਡਬਲਿਊ.ਡੀ. ਕੰਪਲੈਕਸ ਵਿਖੇ ਧਰਨਾ ਤੇ ਰੋਸ ਮੁਜਾਹਰੇ ਦੌਰਾਨ ਸਰਕਾਰ ਵਿਰੁੱਧ ਮੁਲਾਜ਼ਮਾਂ 'ਚ ਭਾਰੀ ਰੋਹ ਦੇਖਣ ਨੂੰ ਮਿਲਿਆ
ਲੁਧਿਆਣਾ, 14 ਨਵੰਬਰ (ਟੀ. ਕੇ. ) -
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵਲੋਂ ਜਾਰੀ ਹੜਤਾਲ ਵਿੱਚ ਹੁਣ 20 ਨਵੰਬਰ ਤੱਕ ਦਾ ਵਾਧਾ ਕੀਤਾ ਗਿਆ ਹੈ।

ਯੂਨੀਅਨ ਦੇ ਬੁਲਾਰੇ ਨੇ ਸੰਬੋਧਨ ਕਰਦਿਆਂ ਕਿਹਾ  ਕਿ ਯੂਨੀਅਨ ਵਲੋਂ ਚੱਲ ਰਹੀ ਹੜਤਾਲ ਅੱਜ 7ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ, ਜਿਸਦੇ ਤਹਿਤ ਅੱਜ ਪੀ..ਡਬਲਯੂ.ਡੀ. ਕੰਪਲੈਕਸ ਵਿਖੇ ਧਰਨਾ ਅਤੇ ਰੋਸ ਮੁਜਾਹਰਾ ਕੀਤਾ ਗਿਆ। ਇਸ ਧਰਨੇ ਦੌਰਾਨ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ।

ਇਸ ਧਰਨੇ ਦੀ ਅਗਵਾਈ ਸ਼੍ਰੀ ਸੰਜੀਵ ਭਾਰਗਵ (ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ. ਲੁਧਿਆਣਾ), ਸ਼੍ਰੀ ਲਖਵੀਰ ਸਿੰਘ ਗਰੇਵਾਲ (ਜ਼ਿਲ੍ਹਾ ਜਨਰਲ ਸਕੱਤਰ), ਸ਼੍ਰੀ ਸੁਨੀਲ ਕੁਮਾਰ (ਵਿੱਤ ਸਕੱਤਰ) ਵੱਲੋਂ ਕੀਤੀ ਗਈ।

ਧਰਨੇ ਦੌਰਾਨ ਸ਼੍ਰੀ ਅਮਿਤ ਅਰੋੜਾ (ਸੂਬਾ ਪ੍ਰਧਾਨ ਪੀ.ਡਬਲਿਊ.ਡੀ. ਮਨਿਸਟੀਰੀਅਲ ਸਰਵਿਸਿਜ਼ ਐਸੋਈਸ਼ਨ ਅਤੇ ਵਧੀਕ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ) ਅਤੇ ਸ਼੍ਰੀ ਸੰਜੀਵ ਭਾਰਗਵ ਨੇ  ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਹੋ ਚੁੱਕੀ ਹੈ। ਸਰਕਾਰ ਵੱਲੋਂ ਸਾਲ 2022 ਦੌਰਾਨ ਦੀਵਾਲੀ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਹਕੀਕੀ ਰੂਪ ਵਿੱਚ ਜਿੱਥੇ ਇਹ ਐਲਾਨ ਸਿਰਫ ਐਲਾਨ ਹੀ ਰਹਿ ਗਿਆ ਹੈ ਸਗੋਂ ਸਰਕਾਰ ਵੱਲੋਂ ਕੈਬਨਿਟ ਵਿੱਚ ਮਤਾ ਪਾਸ ਕਰਨ ਦੇ ਬਾਵਜੂਦ ਵੀ ਰੀਵਿਊ ਕਰਨ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਜੁਲਾਈ 2023 ਤੋਂ 4 ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨ ਕਰਦੇ ਹੋਏ ਕੁੱਲ਼ 46 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਬ ਸਰਕਾਰ ਵੱਲ਼ੋਂ 34 ਫੀਸਦੀ ਮਹਿੰਗਾਈ ਭੱਤੇ ਦੀ ਅਦਾਇਗੀ ਕੀਤੀ ਜਾ ਰਹੀ ਹੈ ਜੋ ਕਿ ਕੇਂਦਰ ਸਰਕਾਰ ਤੋਂ 12 ਫੀਸਦੀ ਘੱਟ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਆਂਢੀ ਸੂਬਿਆਂ ਵੱਲੋਂ ਵੀ ਕੇਂਦਰ ਦੀ ਤਰਜ ਤੇ ਹੀ 46 ਫੀਸਦੀ ਮਹਿੰਗਾਈ ਭੱਤੇ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤੋਹਫੇ ਦੇ ਰੂਪ ਵਿੱਚ ਕਾਲੀ ਦੀਵਾਲੀ ਦਿੱਤੀ ਗਈ ਹੈ।ਇਸ ਮੌਕੇ ਸੁਨੀਲ ਕੁਮਾਰ (ਵਿੱਤ ਸਕੱਤਰ) ਅਤੇ ਸ਼੍ਰੀ ਸੰਦੀਪ ਭਾਂਬਕ (ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ.ਯੂ.) ਨੇ ਕਿਹਾ ਕਿ ਪੁਰਾਣੀ ਪੈਨਸ਼ਨ ਇੱਕ ਸਮਾਜਿਕ ਮੁੱਦਾ ਹੈ, ਸਰਕਾਰ ਨੂੰ ਇਹ ਜਲਦ ਤੋਂ ਜਲਦ ਬਹਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਕਈ ਹੋਰ ਮੁਲਾਜ਼ਮ ਮਾਰੂ ਪੱਤਰ ਜਿਵੇਂ ਕਿ 15-01-2015 ਅਤੇ ਕੇਂਦਰੀ ਪੈਟਰਨ ਵਾਲਾ 17-07-2020 ਵਾਲਾ ਪੱਤਰ ਤੁਰੰਤ ਪ੍ਰਭਾਵ ਤੋਂ ਰੱਦ ਕਰਨਾ ਚਾਹੀਦਾ ਹੈ, 4-9-14 ਏ.ਸੀ.ਪੀ. ਸਕੀਮ ਮੁੜ ਬਹਾਲ ਕੀਤੀ ਜਾਵੇ ਅਤੇ 01-01-2016 ਤੋਂ 30-06-2021 ਤੱਕ ਪੇਅ ਕਮਿਸ਼ਨ ਦਾ ਬਕਾਇਆ ਵੀ ਜਾਰੀ ਕੀਤਾ ਜਾਵੇ।

ਇਸ ਦੌਰਾਨ ਮੁੱਖ ਬੁਲਾਰੇ ਅਮਨਦੀਪ ਕੌਰ ਪਰਾਸ਼ਰ, ਧਰਮ ਸਿੰਘ, ਸਤਿੰਦਰ ਸਿੰਘ, ਅਯੁੱਧਿਆ ਪ੍ਰਸ਼ਾਦ ਮੌਰਿਆ, ਆਕਾਸ਼ਦੀਪ ਸਿੰਘ, ਜਗਦੇਵ ਸਿੰਘ, ਤਜਿੰਦਰ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।