You are here

10 ਅਕਤੂਬਰ ਨੂੰ ਸ਼ਹੀਦੀ ਜੋੜ-ਮੇਲੇ ’ਤੇ ਵਿਸ਼ੇਸ਼ ਗੁਰਬਾਣੀ ਦੇ ਰਸੀਏ-ਸੰਤ ਬਾਬਾ ਜੰਗ ਸਿੰਘ

ਮਹਾਨ ਤਿਆਗੀ, ਤਪੱਸਵੀ, ਨਾਮ-ਬਾਣੀ ਦੇ ਰਸੀਏ, ਬਾਬਾ ਈਸ਼ਰ ਸਿੰਘ ਦੇ ਮੁੱਖ ਸੇਵਕ ਸੰਤ ਬਾਬਾ ਜੰਗ ਸਿੰਘ ਜੀ ਦਾ ਜਨਮ ਪਿਤਾ ਸ੍ਰ: ਕ੍ਰਿਸ਼ਨ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿੰਡ ਮਹਿਲ ਕਲਾਂ ਹੁਣ ਜ਼ਿਲ੍ਹਾ ਬਰਨਾਲਾ ਵਿਖੇ ਸੰਨ 1937 ਈ: ਵਿੱਚ ਹੋਇਆ। ਬਚਪਨ ਤੋਂ ਹੀ ਆਪ ਤਪ-ਸਾਧਨਾ ਕਰਦੇ ਤੇ ਨਾਮ ਬਾਣੀ ਦੇ ਰਸੀਏ ਸਨ। ਆਪ ਸਕੂਲੀ ਵਿੱਦਿਆ ਪੱਖੋਂ ਅਨਪੜ੍ਹ ਸਨ। ਗੁਰਦੁਆਰਾ ਨਾਨਕਸਰ ਵਿਖੇ ਸਰੋਵਰ ਦੀ ਕਾਰ-ਸੇਵਾ ਚੱਲ ਰਹੀ ਸੀ। ਬਾਬਾ ਜੰਗ ਸਿੰਘ, ਬਾਬਾ ਈਸ਼ਰ ਸਿੰਘ ਜੀ ਕੋਲ 12-13 ਸਾਲ ਰਹੇ, ਸਰੋਵਰ ਦੀ ਕਾਰ-ਸੇਵਾ ਕਰਨ ਦੇ ਨਾਲ-ਨਾਲ ਗੁਰਬਾਣੀ ਦੀ ਸੰਥਿਆ ਵੀ ਪ੍ਰਾਪਤ ਕੀਤੀ।
ਬਾਬਾ ਈਸ਼ਰ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਜੰਗ ਸਿੰਘ ਸਮਾਧ ਭਾਈ ਕੀ ਜ਼ਿਲ੍ਹਾ ਬਰਨਾਲਾ ਵਿੱਚ ਬਾਬਾ ਗੁਰਦੇਵ ਸਿੰਘ ਜੀ ਕੋਲ ਇੱਕ ਸਾਲ ਰਹੇ। ਉਸ ਤੋਂ ਬਾਅਦ ਬਾਬਾ ਜੰਗ ਸਿੰਘ, ਸੰਤ ਬਾਬਾ ਸਾਧੂ ਸਿੰਘ ਦੇ ਹਜ਼ੂਰੀਏ ਰਹੇ, ਫਿਰ ਸੈਕਟਰ-28 ਚੰਡੀਗੜ੍ਹ ਵਿਖੇ ਗੁਰਦੁਆਰਾ ਨਾਨਕਸਰ ਬਣਾਇਆ। ਇੱਥੇ ਸੇਵਾ ਕਰਦੇ ਰਹੇ। ਇੱਕ ਦਿਨ ਕਰਨਾਲ ਦੀਆਂ ਸੰਗਤਾਂ ਨੇ ਸੰਤ ਬਾਬਾ ਜੰਗ ਸਿੰਘ ਜੀ ਨੂੰ ਬੇਨਤੀ ਕੀਤੀ, ‘‘ਮਹਾਰਾਜ ! ਇਸ ਅਸਥਾਨ ਵਾਂਗ ਸਾਡੇ ਇਲਾਕੇ ਵਿੱਚ ਵੀ ਗੁਰਬਾਣੀ, ਗੁਰਮਤਿ ਦਾ ਪ੍ਰਚਾਰ ਕੀਤਾ ਜਾਵੇ।’’ ਸ੍ਰ: ਹਰਨਾਮ ਸਿੰਘ ਤੇ ਹੋਰ ਸੰਗਤਾਂ ਵੱਲੋਂ ਬੇਨਤੀ ਕਰਨ ਤੇ ਸੰਤ ਬਾਬਾ ਜੰਗ ਸਿੰਘ ਜੀ ਨੇ ਗੁਰਦੁਆਰਾ ਨਾਨਕਸਰ ਸੀਂਗੜਾ 1972 ’ਚ ਕਰਨਾਲ ਵਿਖੇ ਬਣਾਇਆ। 1978 ਵਿੱਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਕਾਰ ਲੜਾਈ ਹੋਣ ਕਰਕੇ ਚਾਰ ਸਿੰਘ ਸ਼ਹੀਦ ਹੋ ਗਏ। ਬਾਬਾ ਜੰਗ ਸਿੰਘ ਜੀ ਨੂੰ ਅਕਾਸ਼ਵਾਣੀ ਹੋਈ, ਉਹ ਪੂੰਡਰੀ ਪਹੁੰਚੇ, ਉਹਨਾਂ ਜ਼ਖ਼ਮੀਆਂ ਸਿੰਘਾਂ ਦਾ ਇਲਾਜ ਕਰਵਾਇਆ। ਜਥੇਦਾਰ ਮਹਿੰਦਰ ਸਿੰਘ, ਪਾਲਾ ਸਿੰਘ ਤੇ ਹੋਰ ਸੰਗਤਾਂ ਨੇ ਬੇਨਤੀ ਕੀਤੀ ਕਿ ਇੱਥੇ ਸ਼ਹੀਦ ਹੋਏ ਸਿੰਘਾਂ ਦੀ ਯਾਦ ’ਚ ਅਸਥਾਨ ਬਣਾਇਆ ਜਾਵੇ। ਸੰਤ ਬਾਬਾ ਜੰਗ ਸਿੰਘ ਜੀ ਨੇ 1978 ਵਿੱਚ ਸੰਗਤਾਂ ਨੂੰ ਪੇ੍ਰ ਕੇ ਤੇ ਆਪ ਹੱਥੀਂ  ਸੇਵਾ ਕਰਕੇ ਗੁਰਦੁਆਰਾ ਨਾਨਕਸਰ ਪੂੰਡਰੀ ਅਸਥਾਨ ਬਣਾਇਆ। ਮਾਤਾ ਸਾਹਿਬ ਕੌਰ (ਦੇਵਾਂ) ਜੀ ਦੇ ਨਾਂ ਤੇ 1979 ਵਿੱਚ ਕਰਨਾਲ ਵਿਖੇ ਗੁਰਦੁਆਰਾ ਨਾਨਕਸਰ ਲੰਗਰ ਮਾਤਾ ਸਾਹਿਬ ਦੇਵਾਂ ਜੀ ਦਾ ਨਿਰਮਾਣ ਕਰਵਾਇਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ 1982 ’ਚ ਆਰੰਭੇ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਬੱਸ ਵਿੱਚ ਸਵਾਰ 34 ਸਿੰਘ ਤਰਨਤਾਰਨ ਦਾ ਰੇਲਵੇ ਫਾਟਕ ਪਾਰ ਕਰਨ ਲੱਗੇ ਤਾਂ ਬੱਸ ਦੀ ਰੇਲ ਗੱਡੀ ਨਾਲ ਟੱਕਰ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ ਸਨ। ਸਿੱਖ ਸੰਗਤ ਨੇ ਸ਼ਹੀਦਾਂ ਦਾ ਸਸਕਾਰ ਕਰਨ ਤੋਂ ਬਾਅਦ ਉਹਨਾਂ ਦੇ ਫੁੱਲ (ਅਸਥੀਆਂ) ਲੈ ਕੇ ਰੋਸ ਪ੍ਰਗਟ ਕਰਨ ਹਿੱਤ ਅੰਮ੍ਰਿਤਸਰ ਤੋਂ ਦਿੱਲੀ ਤੱਕ ਸ਼ਰਧਾਂਜਲੀ ਮਾਰਚ ਕੱਢਿਆ।
ਇਸ ਮਾਰਚ ਵਿੱਚ ਭਾਰੀ ਤਾਦਾਦ ਵਿੱਚ ਸ਼ਾਮਿਲ ਸੰਗਤਾਂ ਅੰਮ੍ਰਿਤਸਰ ਤੋਂ ਚੱਲ ਕੇ ਪਹਿਲੀ ਰਾਤ ਫ਼ਤਿਹਗੜ੍ਹ ਸਾਹਿਬ ਪਹੁੰਚੀਆਂ, ਦੂਜੀ ਰਾਤ ਇਹ ਮਾਰਚ ਕਰਨਾਲ ਵਿਖੇ ਗੁਰਦੁਆਰਾ ਲੰਗਰ ਮਾਤਾ ਸਾਹਿਬ ਦੇਵਾਂ ਵਿਖੇ ਰੁਕਿਆ। ਤੀਜੀ ਰਾਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਾਰਚ ਪਹੁੰਚਿਆ।
10 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਸਵੇਰੇ 10 ਵਜੇ ਸੰਗਤਾਂ ਪਾਰਲੀਮੈਂਟ ਸਾਹਮਣੇ ਰੋਸ ਪ੍ਰਗਟ ਕਰਨ ਲਈ ਚੱਲ ਪਈਆਂ। 11 ਵਜੇ ਪਾਰਲੀਮੈਂਟ ਪਹੁੰਚੀਆਂ। ਪਾਰਲੀਮੈਂਟ ਦੇ ਬਾਹਰ ਡੇਢ-ਦੋ ਵਜੇ ਤੱਕ ਇੱਟਾਂ-ਰੋੜ੍ਹੇ ਚੱਲਦੇ ਰਹੇ। ਉਸ ਤੋਂ ਬਾਅਦ ਪੁਲਿਸ ਨੇ ਨਿਹੱਥੇ ਸਿੰਘਾਂ ਤੇ ਅੰਧਾਧੁੰਦ ਗੋਲੀਆਂ ਚਲਾਈਆਂ, 10 ਸਿੰਘ ਚੜ੍ਹਾਈ ਕਰ ਗਏ। ਜਿਨ੍ਹਾਂ ’ਚੋ ਦੋ ਬੀਬੀਆਂ ਸਨ। ਬਾਬਾ ਜੰਗ ਸਿੰਘ ਜੀ ਦੇ ਅੰਦਰ ਤੜਪ ਸੀ, ‘ਮੈਂ ਮਰਾਂ ਪੰਥ ਜੀਵੇ’ ਉਹਨਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਬਾਹਰ ਪੁਲਿਸ ਨੂੰ ਵੰਗਾਰਦਿਆਂ ਹੋਇਆਂ ਛਾਤੀ ਤਾਣ ਕੇ ਕਿਹਾ ਕਿ ਜੇਕਰ ਗੋਲੀ ਚਲਾਉਣੀ ਹੈ ਤਾਂ ਮੇਰੇ ਤੇ ਚਲਾਉ। ਪੁਲਿਸ ਨੇ ਬਾਬਾ ਜੰਗ ਸਿੰਘ ਜੀ ਉੱਪਰ ਗੋਲੀਆਂ ਚਲਾਈਆਂ। ਜਿਸ  ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਉਹਨਾਂ ਆਪਣੇ ਸੇਵਾਦਾਰਾਂ ਨੂੰ ਕਿਹਾ ਕਿ ਸਾਨੂੰ ਪਰਮੇਸ਼ਰ ਦਾ ਸੱਦਾ ਆ ਗਿਆ ਹੈ। ਸਾਡਾ ਸੰਸਕਾਰ ਕਰਨਾਲ ਵਿਖੇ ਮਾਤਾ ਸਾਹਿਬ ਦੇਵਾਂ ਦੇ ਚਰਨਾਂ ਵਿੱਚ ਕਰਨਾ ਹੈ ਤੇ ਮੈਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਣਾ। ਸੰਤ ਬਾਬਾ ਜੰਗ ਸਿੰਘ ਜੀ ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਕਰਦੇ ਹੋਏ 45 ਸਾਲ ਦੀ ਉਮਰ ਭੋਗ ਕੇ 10 ਅਕਤੂਬਰ 1982 ਈ: ਨੂੰ ਸ਼ਹੀਦੀ ਪਾ ਗਏ।
 ਗੁਰਦੁਆਰਾ ਨਾਨਕਸਰ ਪੂੰਡਰੀ ਕਰਨਾਲ (ਹਰਿਆਣਾ) ਵਿਖੇ ਸੰਤ ਬਾਬਾ ਜੰਗ ਸਿੰਘ ਜੀ ਦਾ 40ਵਾਂ ਸਾਲਾਨਾ ਸ਼ਹੀਦੀ ਜੋੜ-ਮੇਲਾ 10 ਅਕਤੂਬਰ ਦਿਨ ਮੰਗਲਵਾਰ  ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ