ਲੁਧਿਆਣਾ 9 ਅਕਤੂਬਰ(ਟੀ. ਕੇ. ) ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਿਸਾਨ ਮੇਲਿਆਂ ਦੇ ਸਫ਼ਲ ਆਯੋਜਨ ਤੋਂ ਬਾਅਦ ਇੱਕ ਇਕੱਤਰਤਾ ਹੋਈ । ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ ਪੀ ਕੇ ਛੁਨੇਜਾ, ਡਾ ਸ਼ੰਮੀ ਕਪੂਰ, ਡਾ ਮਾਨਵ ਇੰਦਰਾ ਸਿੰਘ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਕਿਰਨਜੋਤ ਸਿੱਧੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੇਤ ਖੇਤਰੀ ਖੋਜ ਕੇਂਦਰਾਂ ਦੇ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ, ਗੈਰ ਅਧਿਆਪਨੀ ਅਮਲਾ ਅਤੇ ਦਿਹਾੜੀਦਾਰ ਕਾਮਿਆਂ ਸਮੇਤ ਭਾਰੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ।
ਇਸ ਮੌਕੇ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 6 ਖੇਤਰੀ ਮੇਲੇ ਅਤੇ ਪੀ.ਏ.ਯੂ. ਦਾ ਦੋ ਰੋਜ਼ਾ ਮੇਲਾ ਆਯੋਜਿਤ ਕੀਤੇ ਗਏ। ਉਹਨਾਂ ਕਿਹਾ ਕਿ ਇਹ ਮੇਲੇ ਯੂਨੀਵਰਸਿਟੀ ਵਲੋਂ ਕੀਤੀ ਖੋਜ ਨੂੰ ਕਿਸਾਨਾਂ ਤਕ ਪਹੁੰਚਾਉਣ ਦਾ ਉਪਰਾਲਾ ਬਣੇ ਹਨ । ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋ ਕੇ ਪੀ ਏ ਯੂ ਉੱਪਰ ਅਪਣਾ ਭਰੋਸਾ ਪ੍ਰਗਟਾਇਆ ਹੈ। ਚਲਾਉਣ ਲਈ ਬਹੁਤ ਮਿਹਨਤ ਕੀਤੀ । ਇਸਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਨੇ ਮੇਲੇ ਤੋਂ ਅਗਲੇ ਹੀ ਦਿਨ ਯੂਨੀਵਰਸਿਟੀ ਨੂੰ ਮੁੜ ਤੋਂ ਸਾਫ਼-ਸੁਥਰੀ ਬਨਾਉਣ ਲਈ ਯੋਗਦਾਨ ਦਿੱਤਾ । ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਦੇਸ਼ ਦੀ ਅੱਧੀ ਤੋਂ ਵੱਧ ਮਸੀਨਰੀ ਵਿਕਸਿਤ ਕੀਤੀ ਹੈ। ਇਹ ਸਾਡੇ ਮਸੀਨਰੀ ਮਾਹਿਰਾਂ ਲਈ ਮਾਣ ਵਾਲੀ ਗੱਲ ਹੈ। ਨਾਲ ਹੀ ਖੋਜ ਮਾਹਿਰਾਂ ਨੇ ਫ਼ਸਲ ਦੀ ਬਰੀਡਿੰਗ ਬਾਰੇ ਬੜਾ ਉੱਘਾ ਕਾਰਜ ਕੀਤਾ ਹੈ। ਪੀ ਆਰ 126 ਅਤੇ ਪੀ ਬੀ ਡਬਲਿਊ 826 ਅਜਿਹੀਆਂ ਕਿਸਮਾਂ ਹਨ ਜੋ ਪੀ ਏ ਯੂ ਨੇ ਪੈਦਾ ਕੀਤੀਆਂ ਅਤੇ ਰਾਜ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਨੇ ਚਾਅ ਨਾਲ ਆਨਲਾਈਨ ਵੀ ਵੇਖਿਆ ਹੈ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਹੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਰੈਂਕਿੰਗ ਵਾਲੀ ਖੇਤੀ ਯੂਨੀਵਰਸਿਟੀ ਬਣੀ ਹੈ। ਮੇਲਿਆਂ ਦੀ ਸਫਲਤਾ ਵੀ ਸਾਰੇ ਅਮਲੇ ਦੀ ਸਾਂਝ ਦਾ ਪ੍ਰਤੀਕ ਹੈ।
ਇਸ ਇਕੱਤਰਤਾ ਲਈ ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ । ਉਹਨਾਂ ਕਿਹਾ ਕਿ ਮੇਲਿਆਂ ਵਿਚ ਰਿਕਾਰਡ ਤੋੜ ਇਕੱਠ ਨੇ ਸਾਰੇ ਪਸਾਰ ਕਰਮੀਆਂ ਦਾ ਹੌਸਲਾ ਵਧਾਇਆ ਹੈ। ਇਸਦਾ ਕਾਰਨ ਖੋਜੀਆਂ ਵਲੋਂ ਕੀਤੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਸੰਬੰਧੀ ਖੋਜਾਂ ਨੂੰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਮੇਲਿਆਂ ਬਾਰੇ ਲੜੀਵਾਰ ਢੰਗ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਲੁਧਿਆਣੇ ਮੇਲੇ ਦੇ ਪਹਿਲੇ ਦਿਨ ਤੋਂ ਲੈ ਕੇ ਕਿਸਾਨਾਂ ਨੇ ਆਪਣਾ ਸਹਿਯੋਗ ਤੇ ਉਤਸ਼ਾਹ ਦਿਖਾਇਆ। ਡਾ. ਬੁੱਟਰ ਨੇ ਖੇਤਰੀ ਖੋਜ ਕੇਂਦਰਾਂ ਵਿੱਚ ਹੋਏ ਮੇਲਿਆਂ ਨੂੰ ਸਫਲਤਾ ਨਾਲ ਯੂਨੀਵਰਸਿਟੀ ਦੀ ਗੱਲ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਕਿਹਾ।
ਅੰਤ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਜਿਨਾਂ ਨੇ ਕਿਸਾਨ ਮੇਲ਼ਿਆਂ ਦੀ ਜੜ ਲਾਈ । ਉਹਨਾਂ ਆਸ ਪ੍ਰਗਟਾਈ ਕਿ ਨਵੀਂ ਪੀੜੀ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਏਗੀ ।
ਮੰਚ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ ।
ਇਸ ਮੌਕੇ ਮੇਲਿਆਂ ਬਾਰੇ ਪੀ.ਏ.ਯੂ., ਸੰਚਾਰ ਕੇਂਦਰ ਦੇ ਡਿਪਟੀ ਡਾਇਰੈਕਟਰ (ਟੀਵੀ) ਡਾ. ਅਨਿਲ ਸ਼ਰਮਾ ਵੱਲੋਂ ਬਣਾਈ ਡਾਕੂਮੈਂਟਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ । ਚਾਹ ਦੇ ਕੱਪ ਤੇ ਲੱਡੂ ਪਕੌੜਿਆਂ ਨਾਲ ਇਸ ਇਕੱਤਰਤਾ ਦੀ ਸਮਾਪਤੀ ਹੋਈ ।