ਜਗਰਾਓ, 09 ਅਕਤੂਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਗੱਲਾ ਮਜਦੂਰ ਯੂਨੀਅਨ ਵਲੋ ਸਥਾਨਕ ਅਨਾਜ ਮੰਡੀ ਚ ਅਜ ਤੀਜੇ ਦਿਨ ਵੀ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹੜਤਾਲ ਜਾਰੀ ਰੱਖੀ। ਗੱਲਾ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਰਾਜਪਾਲ ਬਾਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੰਗਾਂ ਮੰਨਣ ਦੀ ਥਾਂ ਧਮਕੀਆਂ ਅਤੇ ਡਰਾਵਿਆਂ ਤੇ ਉਤਰ ਆਈ ਹੈ। ਪੰਜਾਬ ਪੱਧਰ ਤੇ ਆੜਤੀਆ ਐਸੋਸੀਏਸ਼ਨਾਂ ਦੇ ਕੁਝ ਸਰਕਰਦਾ ਆਗੂ ਸਰਕਾਰ ਦੀ ਬੋਲੀ ਬੋਲ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਭਰ ਦੀਆਂ ਮੰਡੀਆਂ ਚ ਹੜਤਾਲ ਕਾਰਨ ਕੰਮਕਾਜ ਪੂਰੀ ਤਰਾਂ ਠੱਪ ਪਿਆ ਹੈ। ਧਮਕੀਆਂ ਦੀ ਥਾਂ ਸਰਕਾਰ ਨੂੰ ਮੰਗਾਂ ਮੰਨਣ ਦੇ ਰਾਹ ਤੁਰਨਾ ਚਾਹੀਦਾ ਹੈ। ਇਸ ਸਮੇਂ ਮਜਦੂਰ ਸੰਘਰਸ਼ ਦੀ ਹਿਮਾਇਤ ਚ ਉਤਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਤਰਕਸ਼ੀਲ ਆਗੂ ਮਾਸਟਰ ਸੁਰਜੀਤ ਦੋਧਰ, ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂਕੇ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨੀ ਦੇਰ ਤਕ ਮਜਦੂਰ ਹੜਤਾਲ ਚਲਦੀ ਹੈ ਉਹ ਅਨਾਜ ਮੰਡੀਆਂ ਚ ਝੋਨਾ ਨਾ ਲੈਕੇ ਆਉਣ ਕਿਉਂਕਿ ਮਜਦੂਰ ਜਦੋਂ ਕੰਮ ਨਹੀਂ ਕਰ ਰਹੇ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਉਨਾਂ ਅਪਣੇ ਸੰਬੋਧਨ ਚ ਸਰਕਾਰ ਨੂੰ ਕਾਂਗ੍ਰਸ ਤੇ ਅਕਾਲੀ ਦਲ ਦਾ ਰਾਹ ਛੱਡ ਮਜਦੂਰ ਮੰਗਾਂ ਜਲਦ ਮੰਨਣ ਦੀ ਜੋਰਦਾਰ ਮੰਗ ਕੀਤੀ ਹੈ। ਇਸ ਸਮੇਂ ਬੁਲਾਰਿਆਂ ਨੇ ਕੰਮ ਦੇ ਘੰਟਿਆਂ ਚ ਵਾਧਾ ਕਰਨ ਦੇ ਭਗਵੰਤ ਮਾਨ ਦੇ ਆਦੇਸ਼ਾਂ ਨੂੰ ਵੀ ਮਜਦੂਰ ਵਿਰੋਧੀ ਕਰਾਰ ਦਿੰਦਿਆਂ ਉਸ ਨੂੰ ਕਾਰਪੋਰੇਟਾਂ ਦਾ ਏਜੰਟ ਕਰਾਰ ਦਿੱਤਾ। ਇਸ ਸਮੇਂ ਕਿਸਾਨ ਆਗੂ ਕੁੰਡਾ ਸਿੰਘ ਕਾਉਂਕੇ, ਬਲਬੀਰ ਸਿੰਘ ਅਗਵਾੜ ਲੋਪੋ ,ਮਰਿਗਰਾਜ ਸਿੰਘ ਮਜਦੂਰ ਆਗੂ ਜਗਤਾਰ ਸਿੰਘ ਤਾਰੀ, ਕੁਲਦੀਪ ਸਿੰਘ ਸਹੋਤਾ, ਗੁਰਮੀਤ ਸਿੰਘ, ਸੋਨੂੰ ਚੋਧਰੀ, ਦੇਵ ਰਾਜ, ਸੋਮਨਾਥ, ਵਿਸਾਖਾ ਸਿੰਘ ਹਾਜਰ ਸਨ।