ਲੁਧਿਆਣਾ( ਅਵਤਾਰ ਸਿੰਘ ਰਾਏਸਰ ) ਪੰਜਾਬੀ ਗੀਤਕਾਰ ਮੰਚ, ਲੁਧਿਆਣਾ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਜਗਤਾਰ ਸਿੰਘ ਹਿੱਸੋਵਾਲ ਦੀ ਪੁਸਤਕ 'ਬੋਧ ਗਯਾ ਤੋਂ ਗਿਆਨ ਦੀ ਧਾਰਾ ' ਦਾ ਦੂਜਾ ਐਡੀਸ਼ਨ ਕਰਨ ਲਈ ਵਿਸ਼ੇਸ਼ ਸਮਾਗਮ ਪੈਨਸ਼ਨਰ ਭਵਨ, ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਦੁਪਹਿਰ 2 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਗਿੱਲ ਸਾਬਕਾ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਹੋਵੇਗਾ ਅਤੇ ਮੁੱਖ ਮਹਿਮਾਨ ਸ. ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਪੁਲਿਸ ਕਮਿਸ਼ਨਰ ਲੁਧਿਆਣਾ ਹੋਣਗੇ। ਸਮਾਗਮ ਵਿੱਚ ਮੈਡਮ ਰੁਪਿੰਦਰ ਕੌਰ ਸਰਾ ਏ. ਡੀ. ਸੀ. ਪੀ. 1, ਸ੍ਰੀ ਸੰਦੀਪ ਵਡੇਰਾ ਏ.ਸੀ.ਪੀ. ਇੰਡ.ਏਰੀਆ ਬੀ, ਸ.ਸੁਖਨਾਜ ਸਿੰਘ ਏ.ਸੀ.ਪੀ. ਸੈਂਟਰਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪੁਸਤਕ 'ਬੋਧ ਗਯਾ ਤੋਂ ਗਿਆਨ ਦੀ ਧਾਰਾ ' ਤੇ ਚਰਚਾ ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਮਨਦੀਪ ਕੌਰ ਭੰਮਰਾ ਕਰਨਗੇ। ਪ੍ਰੋਗਰਾਮ ਵਿੱਚ ਇੰਸ. ਅਮਨਦੀਪ ਸਿੰਘ ਬਰਾੜ ਐਸ. ਐੱਚ. ਓ. ਫੋਕਲ ਪੁਆਇੰਟ, ਇੰਸ. ਮਧੂ ਬਾਲਾ ਐਸ. ਐੱਚ. ਓ. ਦੁਗਰੀ, ਸਬ. ਇੰਸ. ਕੁਲਦੀਪ ਸਿੰਘ ਐਸ.ਐਚ.ਓ. ਡਵੀਜ਼ਨ ਨੰਬਰ 3 ਅਤੇ ਹੈਂਡ ਕਲਰਕ ਗੁਰਦੇਵ ਸਿੰਘ ਵੀ ਸ਼ਾਮਲ ਹੋਣਗੇ।ਇਸ ਮੌਕੇ ਮੰਚ ਸੰਚਾਲਨ ਸਰਬਜੀਤ ਸਿੰਘ ਬਿਰਦੀ ਵਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਿੱਸੋਵਾਲ ਦੀ ਇਹ ਪੁਸਤਕ ਏਸ਼ੀਆ ਦੇ ਚਾਨਣ ਗੌਤਮ ਬੁੱਧ ਦੇ ਜੀਵਨ ਦੇ ਅਧਾਰਿਤ ਹੈ।ਇਸ ਪੁਸਤਕ ਦਾ ਪਹਿਲਾ ਐਡੀਸ਼ਨ ਵੀ ਪਾਠਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹਿੱਸੋਵਾਲ ਕਲਮ ਰਾਹੀਂ ਹਮੇਸ਼ਾਂ ਲਈ ਕਿਰਤ ਦੇ ਸੰਦਾਂ ਦੇ ਨਾਲ, ਜ਼ਿੰਦਗੀ ਦੀ ਲੜਾਈ ਲੜ ਰਹੇ ਤਮਾਮ ਲੋਕਾਂ ਬਾਰੇ ਅਕਸਰ ਲਿਖਦਾ ਹੈ। ਕਹਾਣੀਆਂ, ਕਵਿਤਾਵਾਂ ਵਿਚ ਉਲਝੇ ਸਮਾਜਿਕ ਤਾਣੇ-ਬਾਣੇ ਦੀ ਗੱਲ ਕਰਨ ਵਾਲੇ ਜਗਤਾਰ ਸਿੰਘ ਹਿੱਸੋਵਾਲ ਦੀਆਂ ਲਿਖਤਾਂ ਹਮੇਸ਼ਾਂ ਪਾਠਕਾਂ ਦੀ ਪਸੰਦ ਬਣੀਆਂ ਹਨ।