ਲੁਧਿਆਣਾ,0 6 ਅਕਤੂਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਆਪਣੇ ਇਲਾਕੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸਦੇੇ ਤਹਿਤ ਅੱਜ ਮੱਕੜ ਕਲੋਨੀ ਵਾਰਡ 29, 30, ਗਲੀ ਨੰ: 11 ਅਤੇ ਲਿੰਕ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ।
ਵਾਰਡ ਨੰਬਰ 40 ਮੁਹੱਲਾ ਕੋਟ ਮੰਗਲ ਸਿੰਘ ਵਿੱਚ ਗਲੀ ਨੰਬਰ 17-ਏ ਅਤੇ 17-ਬੀ ਵਿਖੇ ਆਰ.ਐਮ.ਸੀ. ਰੋਡ ਦਾ ਕੰਮ ਕਰਵਾਇਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 50 ਵਿੱਚ ਫੈਡਰਲ ਬੈਂਕ ਰੋਡ ਦਾ ਕੰਮ ਅਤੇ ਲਿੰਕ ਰੋਡ ਦਾ ਕੰਮ ਵੀ ਮੁਕੰਮਲ ਕੀਤਾ ਗਿਆ। ਇਸ ਤੋਂ ਇਲਾਵਾ ਮੁਹੱਲਾ ਪ੍ਰਭਾਤ ਨਗਰ ਗਲੀ ਨੰਬਰ 7, ਮੁਹੱਲਾ ਰਾਮ ਨਗਰ ਗਲੀ ਨੰਬਰ 21, ਵਾਰਡ 50 ਵਿੱਚ ਬਣੀ ਆਰ.ਐਮ.ਸੀ. ਰੋਡ ਦਾ ਵੀ ਉਦਘਾਟਨ ਕੀਤਾ ਗਿਆ।
ਇਹ ਸਾਰੇ ਨਿਰਮਾਣ ਕਾਰਜ ਲੋਕਾਂ ਨੂੰ ਸਮਰਪਿਤ ਕਰਦਿਆਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਹਲਕਾ ਦੱਖਣੀ ਵਿੱਚ ਵਿਕਾਸ ਕਾਰਜਾਂ ਵਿੱਚ ਇੱਕ ਤੋਂ ਬਾਅਦ ਇੱਕ ਅਧਿਆਏ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 29 ਖਾਸ ਕਰਕੇ ਮੱਕੜ ਕਲੋਨੀ ਅਜਿਹਾ ਇਲਾਕਾ ਸੀ ਜਿੱਥੇ ਸੜਕਾਂ ਸਾਲਾਂ ਤੋਂ ਟੁੱਟੀਆਂ ਪਈਆਂ ਸਨ, ਸੀਵਰੇਜ ਜਾਮ ਕਰਕੇ ਲੋਕਾਂ ਦੇ ਘਰਾਂ 'ਚ ਸੀਵਰੇਜ ਦਾ ਪਾਣੀ ਪੁੱਜ ਜਾਂਦਾ ਸੀ, ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਸਨ ਪਰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੜਕਾਂ ਬਣਾਉਣ ਲਈ ਸਿਰਫ ਬਜਟ ਹੀ ਪਾਸ ਨਹੀਂ ਕੀਤਾ ਸਗੋਂ ਪਹਿਲ ਦੇ ਆਧਾਰ 'ਤੇ ਕੰਮ ਸ਼ੁਰੂ ਕਰਵਾ ਕੇ ਲੋਕਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ.
ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਲਗਾਤਾਰ ਵਿਧਾਨ ਸਭਾ ਹਲਕਾ ਦੱਖਣੀ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਹਲਕੇ ਵਿੱਚ ਮਜ਼ਦੂਰਾਂ ਦੀ ਬਹੁਤਾਤ ਹੋਣ ਕਾਰਨ ਕਿਸੇ ਵੀ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਸਿਰਫ ਸਾਡੀ ਪਾਰਟੀ ਨੇ ਹਰ ਵਰਗ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਕਾਸ ਦੇ ਕੰਮ ਕੀਤੇ ਹਨ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਵਿਧਾਇਕ ਛੀਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ।