ਲੁਧਿਆਣਾ, ਸਤੰਬਰ 2019( ਮਨਜਿੰਦਰ ਗਿੱਲ)-ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ 'ਰਾਸ਼ਟਰੀ ਪੋਸ਼ਣ ਮਾਂਹ' ਵਜੋਂ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਸੰਬੰਧੀ ਇੱਕ ਸਮਾਗਮ ਬਚਤ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤੰਬਰ ਮਹੀਨਾ ''ਰਾਸ਼ਟਰੀ ਪੋਸ਼ਣ ਮਾਂਹ'' ਵੱਜੋਂ ਮਨਾਇਆ ਜਾਣਾ ਹੈ ਅਤੇ ਇਸ ਮਹੀਨੇ ਦੌਰਾਨ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਮਹੀਨੇ ਦੌਰਾਨ ਔਰਤਾਂ ਨੂੰ 1000 ਦਿਨ ਤੱਕ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਲਈ ਮਾਵਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ, ਬੱਚਿਆਂ ਦਾ ਭਾਰ ਤੋਲਿਆ ਜਾਵੇਗਾ, ਪੌਸ਼ਟਿਕ ਆਹਾਰ ਬਾਰੇ ਸੈਮੀਨਾਰ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਪੋਸ਼ਣ ਮੇਲੇ ਦਾ ਆਯੋਜਨ, ਸਾਈਕਲ ਰੈਲੀ, ਪੋਸ਼ਣ ਵਾਕ, ਗਰਾਮ ਸਭਾ, ਹੈਲਦੀ ਰੈਸਪੀ ਮੁਕਾਬਲੇ, ਪ੍ਰਭਾਤ ਫੇਰੀਆਂ, ਹੱਟ ਬਾਜ਼ਾਰ, ਘਰਾਂ ਦਾ ਦੌਰਾ, ਨਾਰੀ ਕੀ ਚੌਪਾਲ, ਓ. ਆਰ. ਐੱਸ. ਪੈਕੇਟਾਂ ਦੀ ਵੰਡ, ਜਾਗੋ, ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਪੰਚਾਇਤਾਂ ਨਾਲ ਮੀਟਿੰਗਾਂ ਅਤੇ ਹੱਥ ਧੋਣ ਦੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਅਗਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਅਭਿਆਨ ਦੌਰਾਨ ਹਰੇਕ ਘਰ ਤੱਕ ਪਹੁੰਚ ਯਕੀਨੀ ਬਣਾਉਣ। ਇਸ ਮੁਹਿੰਮ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਕਿੱਲ ਡਿਵੈੱਲਪਮੈਂਟ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਹਿਮ ਯੋਗਦਾਨ ਪਾਵੇਗਾ। ਅਗਰਵਾਲ ਨੇ ਕਿਹਾ ਕਿ ਸਾਰੇ ਵਿਭਾਗ ਇਸ ਅਭਿਆਨ ਸੰਬੰਧੀ ਆਪਣੀਆਂ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਕਰਨ ਤੋਂ ਉਪਰੰਤ ਵੈੱਬਸਾਈਟ (http://poshanabhiyaan.gov.in) 'ਤੇ ਵੀ ਅਪਲੋਡ ਕਰਨ। ਅਗਰਵਾਲ ਨੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਸਮਾਜ ਵਿੱਚੋਂ ਕੁਪੋਸ਼ਣ ਅਤੇ ਅਨੀਮੀਆ ਵਰਗੀਆਂ ਬਿਮਾਰੀਆਂ ਨੂੰ ਸਾਂਝੇ ਉਪਰਾਲਿਆਂ ਨਾਲ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੰਕ ਫੂਡ ਅਤੇ ਬਾਹਰੋਂ ਖਾਧਾ ਖਾਣਾ ਬੱਚਿਆਂ ਦੀ ਸਿਹਤ ਨੂੰ ਵਿਗਾੜ ਰਿਹਾ ਹੈ। ਇਸ ਮੌਕੇ 'ਤੇ ''ਰਾਸ਼ਟਰੀ ਪੋਸ਼ਣ ਮਾਂਹ'' ਸਬੰਧੀ ਸਤੰਬਰ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀ-ਵਿਧੀਆਂ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।