You are here

ਨਸ਼ਾ ਵਿਰੋਧੀ ਸਾਂਝਾ ਫਰੰਟ ਦੀ ਵਿਸ਼ਾਲ ਕਨਵੈਨਸ਼ਨ 24 ਸਿਤੰਬਰ ਨੂੰ 

ਜਗਰਾਓ, 17 ਸਤੰਬਰ (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ)ਅਜ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਜਗਰਾਂਓ ਵਿਖੇ ਨਸ਼ਾ ਵਿਰੋਧੀ ਸਾਂਝਾ ਫਰੰਟ ਦੀ ਮੀਟਿੰਗ ਕਿਸਾਨ ਆਗੂ ਬਲਰਾਜ ਸਿੰਘ ਕੋਟੳਮਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਕੰਵਲਜੀਤ ਖੰਨਾ ਨੇ ਦਸਿਆ ਕਿ ਸੂਬੇ ਭਰ ਚ ਨਸ਼ਿਆਂ ਦੇ ਮਾਰੂ ਹੱਲੇ ਖਿਲਾਫ,  ਨਸ਼ਿਆਂ ਦੇ ਜਿੰਮੇਵਾਰ ਪੁਲਸ, ਸਮਗਲਰ ਤੇ ਸਰਕਾਰ ਦੇ ਗਠਜੋੜ ਖਿਲਾਫ ਲੋਕ ਲਹਿਰ ਜਥੇਬੰਦ ਕਰਨ ਲਈ ਇਲਾਕਾ ਜਗਰਾਂਓ,  ਸਿੱਧਵਾਂਬੇਟ ਚ ਵੱਡੀ ਜਨਤਕ ਮੁਹਿੰਮ ਲਾਮਬੰਦ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਮੀਟਿੰਗ ਵਿਚ 24  ਸਿਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕਰਵਾਈ ਜਾ ਰਹੀ ਵਿਸ਼ਾਲ ਕਨਵੈਨਸ਼ਨ ਚ ਸ਼ਾਮਲ ਹੋਣ ਲਈ ਸਮੂਹ ਸਰਪੰਚ ਸਹਿਬਾਨ ਪੰਚਾਇਤਾਂ, ਖੇਡ ਕਲੱਬਾਂ,ਧਾਰਮਿਕ ਸੰਗਠਨਾਂ , ਸਮਾਜਿਕ ਜਥੇਬੰਦੀਆਂ ਨੂੰ ਅਪੀਲ ਜਾਰੀ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਪੁਰਾਣੀ ਦਾਣਾਮੰਡੀ ,ਮੰਦਰ ਵਾਲੀ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਕਨਵੈਨਸ਼ਨ ਵਿੱਚ ਨਸ਼ਿਆਂ ਦੇ ਕਾਰਣਾਂ,ਵਿਸ਼ੇਸ਼ਕਰ ਚਿੱਟੇ ਦੇ ਨੋਜਵਾਨਾਂ ਤੇ ਹੋ ਰਹੇ ਮਾਰੂ ਅਸਰਾਂ ਅਤੇ ਪੱਕੇ ਹੱਲ ਬਾਰੇ ਵਿਦਵਾਨ ਚਿੰਤਕ ਡਾਕਟਰ ਮੋਹਨ ਸ਼ਰਮਾ(ਸੰਗਰੂਰ) ਅਤੇ ਐਡਵੋਕੇਟ ਸੁਦੀਪ ਸਿੰਘ (ਬਠਿੰਡਾ) ਵਿਚਾਰ ਚਰਚਾ ਕਰਨਗੇ। ਉਨਾਂ ਦੱਸਿਆ ਕਿ ਫਰੰਟ ਸਮਝਦਾ ਹੈ ਕਿ ਨਸ਼ਿਆਂ ਦੇ ਮਾਰੂ ਹੱਲੇ ਨੂੰ ਰੋਕਣ ਲਈ ਕਿਸਾਨ ਅੰਦੋਲਨ ਵਾਂਗ ਨਸ਼ਾ ਵਿਰੋਧੀ ਲਹਿਰ ਦੀ ਉਸਾਰੀ ਹੀ ਨਸ਼ਿਆਂ ਦੇ ਮਾਰੂ ਹੱਲੇ ਨੂੰ ਰੋਕਣ ਦਾ ਕਾਰਗਰ ਸਾਧਨ ਹੈ। 
ਮੀਟਿੰਗ ਵਿੱਚ  ਕਨਵੈਨਸ਼ਨ ਦੇ ਵਿਚਾਰ ਵਟਾਂਦਰੇ ਉਪਰੰਤ ਪਿੰਡ ਪਿੰਡ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਵਡੇ ਮਗਰਮੱਛਾਂ ਨੂੰ ਨੱਥ ਪਾਉਣ ਅਤੇ ਨਸ਼ੇੜੀ ਨੋਜਵਾਨਾਂ ਨੂੰ ਸਿਖਿਅਤ ਕਰਨ ਦੀ ਵਿਉਂਤਬੰਦੀ ਬਣਾਈ ਜਾਵੇਗੀ ਮੀਟਿੰਗ ਵਿੱਚ ਇੰਦਰਜੀਤ ਸਿੰਘ ਧਾਲੀਵਾਲ,  ਸੁਰਜੀਤ ਦੋਧਰ, ਗੁਰਮੇਲ ਸਿੰਘ ਰੂਮੀ, ਕੈਪਟਨ ਸੁਖਚੈਨ ਸਿੰਘ ਜਨੇਤਪੁਰਾ, ਕੁਲਵੰਤ ਸਹੋਤਾ, ਗੁਰਮੇਲ ਭਰੋਵਾਲ, ਬਲਬੀਰ ਸਿੰਘ ਅਗਵਾੜ ਲੋਪੋ, ਹੁਕਮ ਰਾਜ ਦੇਹੜਕਾ ,ਜਗਦੀਸ਼ ਸਿੰਘ ਆਦਿ ਹਾਜਰ ਸਨ।