ਲੁਧਿਆਣਾ, 22 ਅਗਸਤ(ਜਨ ਸ਼ਕਤੀ ਨਿਊਜ਼ ਬਿਊਰੋ ) ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਪ੍ਰੇਰਨਾ ਨਾਲ ਸਾਹਿੱਤ ਸਿਰਜਣ ਮਾਰਗ ਤੇ ਤੁਰੇ ਪੰਜਾਬੀ ਲੇਖਕ ਸ਼ਿਵ ਨਾਥ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸ਼ਿਵ ਨਾਥ ਸਾਰੀ ਉਮਰ ਕਿਰਤ ਨੂੰ ਪਰਣਾਏ ਰਹੇ ਪਰ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਪ੍ਰੇਰਨਾ ਨਾਲ ਉਹ ਕਲਮ ਦੇ ਸਿਪਾਹੀ ਬਣੇ। ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਚ ਪੜ੍ਹਾਉਂਦਿਆਂ ਪ੍ਰਿੰਸੀਪਲ ਸੁਜਾਨ ਸਿੰਘ ਜੀ ਨੇ ਦਰਜ਼ੀ ਦਾ ਕੰਮ ਕਰਦੇ ਕਿਰਤੀ ਸ਼ਿਵ ਨਾਥ ਨੂੰ ਸਾਹਿੱਤ ਮਾਰਗ ਤੇ ਤੋਰਿਆ। ਆਪਣੀ ਮਿਹਨਤ ਨਾਲ ਉਹ ਪੰਜਾਬੀ ਸਾਹਿੱਤ ਵਿੱਚ ਜ਼ਿਕਰਯੋਗ ਹਸਤੀ ਬਣ ਗਏ। ਉਨ੍ਹਾਂ ਦੀ ਪਹਿਲੀ ਵਾਰਤਕ ਪੁਸਤਕ “ਪ੍ਰਿੰਸੀਪਲ ਸੁਜਾਨ ਸਿੰਘ ਨਾਲ ਦਸ ਵਰ੍ਹੇ” ਨਾਲ ਸਾਹਿੱਤ ਪ੍ਰਵੇਸ਼ ਕੀਤਾ। ਉਹ ਸਹਿਜ ਤੋਰ ਤੁਰਨ ਵਾਲੇ ਲੇਖਕ ਸਨ ਜਿੰਨ੍ਹਾਂ ਨੇ ਆਪਣੇ ਮੁਰਸ਼ਦ ਪ੍ਰਿੰਸੀਪਲ ਸੁਜਾਨ ਸਿੰਘ ਵਾਂਗ ਕਦੇ ਵੀ ਕੋਈ ਖ਼ੈਰਾਇਤ ਜਾ ਰਿਆਇਤ ਨਹੀਂ ਮੰਗੀ ਸੀ।
ਉਹ ਗਰੀਬੀ ਨਾਲ ਖ਼ੂਬ ਲੜੇ ਪਰ ਸਾਰੀ ਜ਼ਿੰਦਗੀ ਸਿੱਧੇ ਸਤੋਰ ਖੜ੍ਹੇ ਰਹੇ। ਪ੍ਰੋਃ ਦੀਦਾਰ ਸਿੰਘ ਕਰਤਾ ਸੁਮੇਲ ਤੇ ਡਾਃ ਕੇਸਰ ਸਿੰਘ ਕੇਸਰ ਉਨ੍ਹਾਂ ਦੇ ਪਹਿਲ ਪਲੇਠੇ ਕਦਰਦਾਨ ਸਨ।
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਕਵੀ ਸ਼ਿਵ ਨਾਥ ਇਸ ਵੇਲੇ ਅਠਾਸੀ ਸਾਲ ਦੇ ਸਨ।
ਅੱਜ ਹੀ ਸਵੇਰੇ 8.30 ਵਜੇ ਮੁਹਾਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋਇਆ ਹੈ।
ਸ਼ਿਵ ਨਾਥ ਆਮ ਲੋਕਾਂ ਦੇ ਹੱਕ ਲਈ ਲਿਖਣ ਵਾਲੇ ਲੇਖਕ ਸਨ। ਉਹ ਆਪ ਭਾਵੇਂ ਰਸਮੀ ਸਕੂਲੀ ਵਿੱਦਿਆ ਹਾਸਲ ਨਾ ਕਰ ਸਕੇ ਪਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਇੱਕੀ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਜਿਨਾਂ ਵਿਚ ‘ਬੋਝਲ ਹਵਾ’, ‘ਬਦਤਮੀਜ਼’, ‘ਅਸੀਂ ਕਤਰੇ ਹੀ ਸਹੀ’, ‘ਅੰਤਿਮ ਲੜਾਈ’, ‘ਮੈਂ ਦੀਵੇ ਕਿਸ ਤਰਾਂ ਬਾਲਾਂ’, ‘ਜਗਿਆਸਾ’, ‘ਵਰਜਿਤ ਫਲ’, ‘ਬਿਜਲੀ ਕੜਕੇ’, ‘ਸਰਘੀ ਦਾ ਸੁਪਨਾ’, ‘ਭੂਮੀ ਪੂਜਣ’, ‘ਪਛਤਾਵਾ’, ਕਾਵਿ ਸੰਗ੍ਰਹਿ,ਇਸ ਪਾਰ ਉਸ ਪਾਰ’, ‘ਗੀਤ ਦੀ ਮੌਤ’, ਕਹਾਣੀ ਸੰਗ੍ਰਹਿ ,ਜੀਵਨੀ ਸਾਹਿਤ ਵਿੱਚ ਭੁੱਲੇ ਵਿਸਰੇ ਲੋਕ’, ਅਣਫੋਲਿਆ ਵਰਕਾ’, ਯਾਦਾਂ: ‘ਸੁਜਾਨ ਸਿੰਘ ਨਾਲ ਦਸ ਵਰ੍ਹੇ’, ਸਵੈ-ਜੀਵਨੀ: ‘ਮੇਰਾ ਜੀਵਨ’, ਬਾਲ ਸਹਿਤ: ‘ਰੁੱਖ ਤੇ ਮਨੁੱਖ’, ‘ਪੈਂਤੀ ਅੱਖਰੀ’, ‘ਬਾਲ ਵਿਆਕਰਣ’, ‘ਪੰਜ ਤੱਤ’ ਸ਼ਾਮਿਲ ਹਨ।
ਸ਼ਿਵ ਨਾਥ ਜੀ ਦੇ ਦੇਹਾਂਤ ਤੇ ਲੁਧਿਆਣਾ ਵੱਸਦੇ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਸਹਿਜਪ੍ਰੀਤ ਸਿੰਘ ਮਾਂਗਟ, ਦੇਵਿੰਦਰ ਕੌਰ ਸੈਣੀ, ਗੁਰਚਰਨ ਕੌਰ ਕੋਚਰ, ਮਨਦੀਪ ਕੌਰ ਭਮਰਾ, ਕਰਮਜੀਤ ਸਿੰਘ ਗਰੇਵਾਲ, ਤਰਨਜੀਤ ਸਿੰਘ ਕਿੰਨੜਾ ਮੁੱਖ ਸੰਪਾਦਕ ਸੰਗੀਤ ਦਰਪਣ ਤੇ ਅਮਰਜੀਤ ਸ਼ੇਰਪੁਰੀ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।