ਸੂਝਵਾਨ ਤੇ ਗਿਆਨਵਾਨ ਵਿਅਕਤੀ ਸੁਖਾਵਾਂ ਸੁਮੇਲ ਪੈਦਾ ਕਰਨ ਚ ਸਫਲ ਹੁੰਦਾ ਹੈ-ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ, 30 ਜੁਲਾਈ (ਕਰਨੈਲ ਸਿੰਘ ਐੱਮ ਏ)ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਧਰਮ ਪ੍ਰਚਾਰ ਪਸਾਰ ਦੇ ਸੰਕਲਪ ਵਜੋਂ ਸਿਰਜੀ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਵਿਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਸਮਝਾਇਆ ਕਿ ਹਾਉਮੈ ਸਾਨੂੰ ਮਨੁੱਖਤਾ ਤੋਂ ਦੂਰ ਲੈ ਜਾਂਦੀ ਹੈ, ਜਦੋਂ ਕਿ ਵਿਸਮਾਦ ਤੋਂ ਉਪਜੀ ਗਿਆਨ ਅਵਸਥਾ ਚ ਅਸੀਂ ਪ੍ਰਾਣੀ ਮਾਤਰ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਦੇ ਹਾਂ। ਉਨ੍ਹਾਂ ਜਪੁਜੀ ਸਾਹਿਬ ਦੀ 27 ਵੀਂ ਪਾਉੜੀ ਦੇ ਹਵਾਲੇ ਨਾਲ ਸਮਝਾਇਆ ਕਿ ਪ੍ਰਭੂ ਦੀ ਰਚੀ ਸ਼੍ਰਿਸ਼ਟੀ ਦੀ ਵਿਰਾਟਤਾ ਬਾਰੇ ਅਸਚਰਜਤਾ “ ਸੋ ਦਰੁ ਕੇਹਾ ਸੋ ਘਰੁ ਕੇਹਾ” ਚ ਸਪੱਸ਼ਟ ਕੀਤਾ ਹੈ। ਇਸ ਲਈ ਗਿਆਨ ਦੀ ਜੋਤ ਨਾਲ ਪ੍ਰਕਾਸ਼ਮਾਨ ਹੋਈ ਆਤਮਾ ਇਹ ਖੁਦ ਹੀ ਜਾਣ ਜਾਂਦੀ ਹੈ ਕਿ ਸੰਸਾਰ ਚ ਅਨੇਕਾਂ ਹੀ ਵੱਖ-ਵੱਖ ਧਾਰਮਿਕ ਰਹੱਸਵਾਦੀ ਪ੍ਰੰਪਰਾਵਾਂ ਹਨ।ਲਿਹਾਜ਼ਾ ਕੱਟੜਵਾਦੀ ਤੇ ਤੰਗ ਨਜ਼ਰੀਏ ਦਾ ਤਿਆਗ ਹੋ ਜਾਂਦਾ ਹੈ, ਜਿਸ ਰਾਹੀ ਇਹ ਮੰਨਿਆ ਜਾਂਦਾ ਹੈ ਕਿ ਦੁਨੀਆਂ ਚ ਕੇਵਲ ਇਕ ਧਰਮ, ਜਾਂ ਇਕ ਪੈਗੰਬਰ ਹੀ ਮੁਕਤੀ ਪ੍ਰਦਾਨ ਕਰ ਸਕਦਾ ਹੈ। ਦਰ-ਅਸਲ ਸੂਝਵਾਨ ਤੇ ਗਿਆਨਵਾਨ ਜਾਣ ਜਾਂਦਾ ਹੈ ਕਿ ਵਿਧਾਤਾ ਦੀ ਇਸ ਬਹੁਪੱਖੀ ਅਤੇ ਅਨੇਕਤਾ ਭਰਪੂਰ ਰਚਨਾ ਚ ਅਨੇਕਾਂ ਵੀ ਪਰੰਪਰਾਵਾਂ ਹਨ। ਨਤੀਜੇ ਵਜ਼ੋਂ ਪ੍ਰਮਾਤਮਾਂ ਨੂੰ ਮਿਲਣ ਦੇ ਢੰਗ ਤਰੀਕੇ ਅਤੇ ਸੰਭਾਵਨਾਵਾਂ ਵੀ ਅਨੰਤ ਹੋਣਗੀਆਂ। ਅਜਿਹੀ ਸੂਝ ਸਦਕਾ ਹੀ ਕੂੜ ਦੀ ਕੰਧ ਢਹਿ-ਢੇਰੀ ਹੋ ਜਾਂਦੀ ਹੈ। ਸੂਝਵਾਨ ਤੇ ਗਿਆਨਵਾਨ ਵਿਅਕਤੀ ਵਿਿਗਆਨਕ, ਸਭਿਆਚਾਰਕ ਅਤੇ ਅਧਿਆਤਮਕ ਪੱਖਾਂ ਚ ਇਕ ਸੁਖਾਵਾਂ ਸੁਮੇਲ ਪੈਦਾ ਕਰਨ ਚ ਸਫਲ ਹੁੰਦਾ ਹੈ।ਪਰਸਪਰ ਸਹਿਯੋਗ ਦੇ ਉਮਾਹ ਕਾਰਨ ਉਸਦੀ ਸ਼ਖਸ਼ੀਅਤ ਸ਼ਹਿਣਸ਼ੀਲਤ ਬਣਦੀ ਹੈ ਅਤੇ ਉਸਦਾ ਹਿਰਦਾ ਇਕ ਦੈਵੀ ਸੁੰਦਰਤਾ ਅਤੇ ਅਨੰਦਮਈ ਖੇੜੇ ਨਾਲ ਭਰਪੂਰ ਹੋ ਜਾਂਦਾ ਹੈ।