ਮਾਂ, ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਰੱਬ ਨੂੰ ਤਾਂ ਅਸੀਂ ਕਦੇ ਨਹੀਂ ਵੇਖਿਆ, ਪਰ ਮਾਂ ਜਨਮ ਤੋਂ ਹੀ ਸਾਡੇ ਨਾਲ ਹੁੰਦੀ ਹੈ ਉਹ ਸਾਡੀ ਜਨਮਦਾਤੀ ਹੈ। ਇਸ ਲਈ ਮਾਂ ਤਾਂ ਰੱਬ ਤੋਂ ਵੀ ਉੱਚੀ ਤੇ ਵੱਡੀ ਹੋਈ। ਹਰ ਪ੍ਰਾਣੀ ਦੀ ਇਕ ਹੀ ਜਨਮਦਾਤੀ ਹੁੰਦੀ ਹੈ ਤੇ ਉਹ ਸਿਰਫ਼ ਮਾਂ ਹੁੰਦੀ ਹੈ। ਜਿੱਥੇ ਮਾਂ ਹੁੰਦੀ ਹੈ ਉੱਥੇ ਮਮਤਾ ਵੀ ਹੁੰਦੀ ਹੈ। ਦੁਨਿਆ ਵਿਚ ਸ਼ਹਿਦ ਨਾਲੋਂ ਵੀ ਮਿੱਠੀ ਤੇ ਉੱਤਮ ਵਸਤੂ ਮਾਂ ਦੀ ਮਮਤਾ ਹੈ। ਜਿਸ ਦੀ ਕਦਰ ਕਰਨਾ ਹਰ ਇੱਕ ਮਨੁੱਖ ਦਾ ਫ਼ਰਜ਼ ਬਣਦਾ ਹੈ।
ਮਾਂ ਕੇਵਲ ਮਾਂ ਹੀ ਨਹੀਂ ਸਗੋਂ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ, ਜਿਸ ਤੋਂ ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੀ ਰਹਿੰਦੀ ਹੈ। ਮਾਂ ਵੱਲੋਂ ਦਿੱਤੀ ਗਈ ਸਹੀ ਸਿੱਖਿਆ ਬੱਚਿਆਂ ਨੂੰ ਚੰਗਾ ਨਾਗਰਿਕ ਬਣਨ `ਚ ਵੀ ਮਦਦ ਕਰਦੀ ਹੈ। ਮਾਂ ਆਪਣੇ ਨਿੱਜੀ ਸੁੱਖਾਂ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਤੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਲਾ ਦਿੰਦੀ ਹੈ ਅਤੇ ਉਸ ਦੇ ਆਪਣੇ ਸੁਪਨੇ ਆਪਣੇ ਬੱਚਿਆਂ ਨਾਲ ਜੁੜੇ ਰਹਿੰਦੇ ਹਨ। ਬੱਚਾ ਮਾਂ ਕੋਲੋਂ ਬਹੁਤ ਕੁਝ ਸਿੱਖਦਾ ਹੈ।
ਬੱਚਾ ਪਹਿਲਾ ਸ਼ਬਦ ਵੀ ਮਾਂ ਹੀ ਬੋਲਦਾ ਹੈ। ਬੱਚੇ ਦੀ ਸ਼ਖਸ਼ੀਅਤ ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ ਹੈ ਤੇ ਉਸ ਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸ਼ੀਅਤ ’ਤੇ ਨਿਰਭਰ ਕਰਦਾ ਹੈ। ਆਮ ਤੌਰ 'ਤੇ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਪਰ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਚੋਰ ਬਣੇ ਅਤੇ ਨਾਹੀਂ ਕੋਈ ਮਾਂ ਆਪਣੇ ਚੋਰ ਪੁੱਤਰ ਨੂੰ ਕਦੇ ਵੀ ਚੋਰ ਮੰਨਣ ਲਈ ਤਿਆਰ ਹੋਵੇਗੀ ਕਿਉਂਕਿ ਉੱਥੇ ਉਸ ਦੀ ਮਮਤਾ ਭਾਰੀ ਪੈ ਜਾਂਦੀ ਹੈ। ਮਾਂ ਦਾ ਮਮਤਾ ਨਾਲ ਸਿੱਧਾ ਸਬੰਧ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਾਂ ਦਾ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਉੱਤਮ, ਪਵਿੱਤਰ ਅਤੇ ਰੱਬ ਦੀ ਨੇੜਤਾ ਦਾ ਸਬੂਤ ਹੁੰਦਾ ਹੈ। ਭਾਵ, ਰੱਬ ਦਾ ਦੂਜਾ ਨਾਂ ਹੀ ਮਾਂ ਹੈ। ਆਪਣੀ ਔਲਾਦ ਨੂੰ ਦੁਨੀਆ ਵਿਖਾਉਣ ਵਾਲੀ ਮਾਂ ਵਰਗੀ ਸ਼ਾਇਦ ਹੀ ਕੋਈ ਦੂਜੀ ਮਿਸਾਲ ਦੁਨੀਆਂ ਵਿੱਚ ਹੋਵੇ। ਸਾਰੇ ਰਿਸ਼ਤਿਆਂ ਵਿਚੋਂ ਇਕੋ ਇਕ ਅਨੋਖਾ ਤੇ ਵਿਲੱਖਣ ਰਿਸ਼ਤਾ ਮਾਂ ਦਾ ਹੀ ਹੁੰਦਾ ਹੈ, ਜੋ ਸਾਰੇ ਕਸ਼ਟ ਅਤੇ ਤਕਲੀਫਾਂ ਹੰਢਾ ਕੇ ਦੁਨੀਆ ਭਰ ਦੇ ਸੁੱਖ ਆਪਣੀ ਔਲਾਦ ਵਾਸਤੇ ਪੈਦਾ ਕਰਦਾ ਹੀ ਰਹਿੰਦਾ ਹੈ। ਮਾਂ ਆਪਣੀ ਔਲਾਦ ਦੀ ਹਰ ਰਮਜ਼ ਨੂੰ ਪਛਾਣਦੀ ਹੈ। ਤਾਂ ਹੀ ਕਹਿੰਦੇ ਹਨ, ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਹੀ ਜਾਣੇ। ਮਾਂ ਦੀ ਸਾਰੀ ਦੁਨੀਆਂ ਉਸ ਦੀ ਔਲਾਦ ਹੀ ਹੁੰਦੀ ਹੈ। ਮਾਂ ਦੇ ਦਿਲੋਂ ਆਪਣੀ ਔਲਾਦ ਲਈ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਹਨ। ਮਾਂ ਦੀ ਮਮਤਾ ਤਾਂ ਉਸ ਰੁੱਖ ਦੀ ਤਰ੍ਹਾਂ ਹੁੰਦੀ ਹੈ ਜੋ ਸਭ ਨੂੰ ਛਾਂ ਦਿੰਦਾ ਹੈ ਪਰ ਆਪ ਧੁੱਪਾਂ ਸਹਿੰਦਾ ਹੈ। ਮਾਂ ਦੀ ਮਮਤਾ ਹੀ ਔਲਾਦ ਨੂੰ ਜ਼ਿੰਦਗੀ ਦੀਆਂ ਧੁੱਪਾਂ ਅਤੇ ਝੱਖੜਾਂ ਤੋਂ ਬਚਾਉਂਦੀ ਹੈ। ਇਹ ਸੱਚ ਹੈ ਕਿ ਮਾਂ ਦੀ ਬੁੱਕਲ ਤੋਂ ਬਿਨਾਂ ਬੱਚਿਆਂ ਦਾ ਇੱਕ ਦਿਨ ਤਾਂ ਕੀ ਇੱਕ ਸਾਹ ਵੀ ਪੂਰਾ ਨਹੀਂ ਹੋ ਸਕਦਾ। ਮਾਂ ਰੱਬ ਦੀ ਦਿੱਤੀ ਉਹ ਅਣਮੁੱਲੀ ਦਾਤ ਹੈ ਜਿਸ ਦੀ ਤੁਲਨਾ ਹਮੇਸ਼ਾ ਕੁਦਰਤ ਨਾਲ ਹੁੰਦੀ ਹੈ। ਅਸਲ 'ਚ ਵੇਖਿਆ ਜਾਵੇ ਤਾਂ ਦੋਹਾਂ ਦੇ ਸੁਭਾਅ ਵੀ ਇੱਕੋ ਜਿਹੇ ਹੁੰਦੇ ਹਨ, ਦੋਵੇਂ ਦੇਣਾ ਜਾਣਦੇ ਹਨ ਲੈਣਾ ਨਹੀਂ। ਦੋਹਾਂ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ। ਭਾਵੇਂ ਅੱਜ ਮਹੁੱਬਤ ਕਰਨ ਲਈ ਸਾਰਾ ਜ਼ਮਾਨਾ ਹੈ ਪਰ ਪਿਆਰ ਸ਼ਬਦ ਦੀ ਅਸਲੀ ਸ਼ੁਰੂਆਤ ਮਾਂ ਤੋਂ ਹੀ ਹੁੰਦੀ ਹੈ।
ਸਾਡੇ ਲਈ ਹਰ ਦਿਨ ਮਾਂ ਦੀ ਹੀ ਦੇਣ ਹੈ,ਪਰ ਫਿਰ ਵੀ ਇੱਕ ਖਾਸ ਤਰ੍ਹਾਂ ਨਾਲ ਮਾਂ ਨੂੰ ਯਾਦ ਕਰਨ ਲਈ, ਮਾਂ ਵਲੋਂ ਦਿੱਤੀ ਗਈ ਸਾਨੂੰ ਅਣਮੋਲ ਜਿੰਦਗੀ 'ਚੋ ਸਾਲ ਦਾ ਇੱਕ ਦਿਨ ਪੂਰੀ ਤਰ੍ਹਾਂ ਸਮਰਪਤ ਕਰਨ ਲਈ ‘ਮਾਂ ਦਿਵਸ' ਬਣਾਇਆ ਗਿਆ, ਜੋਕਿ ਮਈ ਮਹੀਨੇ ਦੂਸਰੇ ਐਤਵਾਰ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਬੱਚਿਆਂ ਦਾ ਪੂਰਾ ਜੀਵਣ ਵੀ ਮਾਂ ਨੂੰ ਸਮਰਪਿਤ ਹੋ ਕੇ ਲੰਘ ਜਾਵੇ ਤਾਂ ਵੀ ਉਸਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ।
ਬਲਦੇਵ ਸਿੰਘ ਬੇਦੀ
ਜਲੰਧਰ