You are here

ਰਾਗੀ ਭਾਈ ਨਿਰਮਲ ਸਿੰਘ 2 ਅਪੈ੍ਲ ਨੂੰ ਬਰਸੀ ’ਤੇ ਵਿਸ਼ੇਸ਼ ✍️ ਕਰਨੈਲ ਸਿੰਘ ਐੱਮ.ਏ

ਗੁਰਮਤਿ ਸੰਗੀਤ ਨੂੰ ਸਮਰਪਿਤ ਸਨ- ਭਾਈ ਨਿਰਮਲ ਸਿੰਘ
ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਦਾ ਜਨਮ 12 ਅਪ੍ਰੈਲ 1952 ਈ: ਨੂੰ ਪਿਤਾ ਗਿਆਨੀ ਚੰਨਣ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੇ ਘਰ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ। ਭਾਈ ਸਾਹਿਬ ਦਾ ਪਰਿਵਾਰ ਇੱਕ ਸਧਾਰਨ ਗ਼ਰੀਬ ਪਰਿਵਾਰ ਸੀ। ਉਹ ਅਨੁਸੂਚਿਤ ਜਾਤੀ ਮਜ਼੍ਹਬੀ ਸਿੱਖ ਰੰਗਰੇਟਾ ਨਾਲ ਸੰਬੰਧ ਰੱਖਦੇ ਸਨ। ਉਹਨਾਂ ਪਿੰਡ ਲੋਹੀਆਂ ਵਿਖੇ ਪੰਜਵੀਂ ਜਮਾਤ ਤੱਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਉਹਨਾਂ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਬਚਪਨ ਵਿੱਚ ਹੀ ਨਿਰਮਲ ਸਿੰਘ ਨੇ ਵੀ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਇਆ ਤੇ ਨਾਲ-ਨਾਲ ਪੜ੍ਹਾਈ ਕੀਤੀ। ਖੇਤੀਬਾੜੀ ਦਾ ਕੰਮ ਕਰਦਿਆਂ ਹੀ ਹੀਰ, ਸੋਹਣੀ, ਸੱਸੀ ਦੇ ਗੀਤ ਗਾਉਣ ਲੱਗ ਪਏ। ਗੁਰੂ ਘਰ ਜਾਣ ਕਰਕੇ ਧਾਰਮਿਕ ਗੀਤ ‘ਕਲਗੀਧਰ ਪੰਥ ਪਿਆਰੇ ਦਾ, ਇਹ ਹੁਕਮ ਵਜਾ ਕੇ ਤੁਰ ਚੱਲਿਆ’, ‘ਚੰਨ ਮਾਤਾ ਗੁਜਰੀ ਦਾ, ਸੁੱਤਾ ਕੰਢਿਆਂ ਦੀ ਸੇਜ ਵਿਛਾਈ’ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਾਉਂਦੇ ਸਨ। ਗਿਆਨੀ ਚੰਨਣ ਸਿੰਘ ਨੇ ਨਿਰਮਲ ਸਿੰਘ ਦੀਆਂ ਧਾਰਮਿਕ ਰੁਚੀਆਂ ਦੇਖ ਕੇ ਉਸ ਨੂੰ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿੱਤਾ। 1974 ਤੋਂ 1976 ਤੱਕ ਪੋ੍: ਅਵਤਾਰ ਸਿੰਘ ਪਾਸੋਂ ਗੁਰਬਾਣੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਕੁਝ ਸਮਾਂ ਉੱਥੇ ਅਧਿਆਪਕ ਵੀ ਰਹੇ। ਫਿਰ ਰੋਹਤਕ ਵਿਖੇ ਕੁਝ ਚਿਰ ਸੇਵਾਵਾਂ ਨਿਭਾਉਣ ਉਪਰੰਤ 1977 ਵਿੱਚ ਰਿਸ਼ੀਕੇਸ ਗੁਰਮਤਿ ਕਾਲਜ ’ਚ ਸੰਗੀਤ ਦੇ ਅਧਿਆਪਕ ਵਜੋਂ ਕੰਮ ਕੀਤਾ। 1978 ’ਚ ਭਾਈ ਨਿਰਮਲ ਸਿੰਘ ਸੰਤ ਚੰਨਣ ਸਿੰਘ ਬੁੱਢਾ ਜੌਹੜ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਗੰਗਾ ਨਗਰ (ਰਾਜਸਥਾਨ) ’ਚ ਸੰਗੀਤ ਅਧਿਆਪਕ ਰਹੇ।
ਭਾਈ ਨਿਰਮਲ ਸਿੰਘ ਨੇ ਭਾਈ ਗੁਰਮੇਜ ਸਿੰਘ ਨੇਤਰਹੀਣ ਪੰਥ ਪ੍ਰਸਿੱਧ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਸਹਾਇਕ ਰਾਗੀ ਵਜੋਂ ਸੇਵਾ ਕੀਤੀ। ਭਾਈ ਨਿਰਮਲ ਸਿੰਘ ਨੇ ਜਦੋਂ ਰਾਗੀ ਵਜੋਂ ਸ਼੍ਰੀ ਦਰਬਾਰ ਸਾਹਿਬ ਕੀਰਤਨ ਦੀ ਡਿਉੂਟੀ ਕਰਨ ਲਈ ਅਰਜ਼ੀ ਦਿੱਤੀ ਤਾਂ ਕੁਝ ਦਿਨਾਂ ਬਾਅਦ ਇੰਟਰਵਿਉੂ ਦੀ ਚਿੱਠੀ ਪਹੁੰਚੀ। ਉਸ ਸਮੇਂ ਪਿੰਡਾਂ ਵਿੱਚ ਡਾਕ, ਡਾਕੀਏ ਘਰ-ਘਰ ਜਾ ਕੇ ਨਹੀਂ ਵੰਡਦੇ ਸਨ। ਉਹ ਪਿੰਡ ਦੇ ਪੰਚ-ਸਰਪੰਚ ਨੂੰ ਹੀ ਫੜਾ ਜਾਂਦੇ ਸਨ। ਭਾਈ ਨਿਰਮਲ ਸਿੰਘ ਦੀ ਚਿੱਠੀ ਵੀ ਪਿੰਡ ਦੇ ਸਰਪੰਚ ਕੋਲ ਪਹੁੰਚੀ। ਸਰਪੰਚ ਇਹਨਾਂ ਦੇ ਚਾਚਾ ਜੀ ਸਨ, ਅੱਠ ਦਿਨਾਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ’ਚ ਇੰਟਰਵਿਉੂ ਸੀ। ਇੰਟਰਵਿਉੂ ਤੇ ਜਾਣ ਲਈ ਕਿਰਾਇਆ ਨਹੀਂ ਸੀ। ਭਾਈ ਸਾਹਿਬ ਨੂੰ ਗ਼ਰੀਬੀ ਦੀ ਹਾਲਤ ਵਿੱਚ ਵੀ ਬੜੀ ਮੁਸ਼ਕਲ ਨਾਲ ਮਾਂ (ਗੁਰਦੇਵ ਕੌਰ) ਨੇ ਕਿਰਾਏ ਦਾ ਇੰਤਜ਼ਾਮ ਕਰਕੇ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ. ਕਿਰਪਾਲ ਸਿੰਘ, ਪੋ੍: ਅਵਤਾਰ ਸਿੰਘ, ਪ੍ਰੋ: ਹਰਿਭਜਨ ਸਿੰਘ, ਪੋ੍: ਤਾਰਨ ਸਿੰਘ ਇੰਟਰਵਿਉੂ ਲੈਣ ਵਾਲਿਆਂ ਵਿੱਚ ਸਨ। ਉਹਨਾਂ ਭਾਈ ਨਿਰਮਲ ਸਿੰਘ ਨੂੰ ਸ਼ਬਦ ਪੜ੍ਹਨ ਲਈ ਕਿਹਾ। ਭਾਈ ਸਾਹਿਬ ਨੇ ਧਾਰਮਿਕ ਗੀਤ ‘ਕਲਗੀਧਰ ਦਸਮੇਸ਼ ਪਿਤਾ’ ਸੁਣਾਇਆ। ਭਾਈ ਸਾਹਿਬ ਨੂੰ ਉਸ ਸਮੇਂ ਸ਼ਬਦ ਤੇ ਧਾਰਮਿਕ ਗੀਤ ਵਿਚਲਾ ਅੰਤਰ ਪਤਾ ਨਹੀਂ ਸੀ। ਭਾਈ ਸਾਹਿਬ ਦੀ ਹੈੱਡ ਰਾਗੀ ਵਜੋਂ ਚੋਣ ਹੋ ਗਈ।
1979 ’ਚ ਭਾਈ ਨਿਰਮਲ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ’ਚ ਲੱਗੇ। ਉਹਨਾਂ ਨਾਲ ਸਹਾਇਕ ਰਾਗੀ ਵਜੋਂ ਭਾਈ ਦਰਸ਼ਨ ਸਿੰਘ ਤੇ ਤਬਲੇ ਦੀ ਸੰਗਤ ਭਾਈ ਕੁਲਜੀਤ ਸਿੰਘ ਤੇ ਭਾਈ ਕਰਤਾਰ ਸਿੰਘ ਨਿਭਾਉਂਦੇ ਰਹੇ। ਦਿਲਰੁਬਾ ਤੇ ਭਾਈ ਸੰਦੀਪ ਸਿੰਘ ਸਨ। ਉਹਨਾਂ ਦੀ ਆਵਾਜ਼ ’ਚ ਰਸ ਸੀ। ਉਹ ਬੜੇ ਹੀ ਰਾਗ-ਬੱਧ ਸ਼ੈਲੀ ਵਿੱਚ ਕੀਰਤਨ ਕਰਦੇ ਸਨ। ਇੱਥੋਂ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਆਪਣੀ ਉਮਰ ਦੇ ਆਖਰੀ ਦਿਨਾਂ ਤੱਕ ਦੇਸ਼ ਵਿਦੇਸ਼ ’ਚ ਧੁਰ ਕੀ ਬਾਣੀ ਦੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ।
ਭਾਈ ਨਿਰਮਲ ਸਿੰਘ ਪਾਕਿਸਤਾਨ ਦੇ ਪ੍ਰਸਿੱਧ ਗ਼ਜ਼ਲ ਗਾਇਕ ਗੁਲਾਮ ਅਲੀ ਖ਼ਾਨ ਨੂੰ ਆਪਣਾ ਸੰਗੀਤ ਉਸਤਾਦ ਮੰਨਦੇ ਸਨ ਜਿਨ੍ਹਾਂ ਦੇ ਗੀਤ ਬਚਪਨ ’ਚ ਸੁਣਦਿਆਂ ਹੀ ਉਹਨਾਂ ਖ਼ਾਨ ਸਾਹਿਬ ਨੂੰ ਆਪਣਾ ਮਨ ਹੀ ਮਨ ’ਚ ਉਸਤਾਦ ਧਾਰ ਲਿਆ ਸੀ। ਉਹਨਾਂ ਦੀ ਗੁਲਾਮ ਅਲੀ ਖ਼ਾਨ ਨਾਲ ਗ਼ੂੜ੍ਹੀ ਮਿੱਤਰਤਾ ਰਹੀ ਤੇ ਉਹ ਅੰਮ੍ਰਿਤਸਰ ਉਹਨਾਂ ਨੂੰ ਮਿਲਣ ਵੀ ਆਉਂਦੇ ਰਹੇ। ਭਾਈ ਨਿਰਮਲ ਸਿੰਘ ਤੇ ਗੁਲਾਮ ਅਲੀ ਖ਼ਾਨ ਵੱਲੋਂ ਮਿਲ ਕੇ ਗੁਰਬਾਣੀ ਸ਼ਬਦਾਂ ਦੀ ਇੱਕ ਐਲਬਮ ਵੀ ਤਿਆਰ ਕਰਨ ਦੀ ਖ਼ਾਹਿਸ਼ ਸੀ ਜੋ ਪੂਰੀ ਨਹੀਂ ਹੋ ਸਕੀ।
ਭਾਈ ਨਿਰਮਲ ਸਿੰਘ ਨੂੰ ਆਸਾ ਦੀ ਵਾਰ ਦੇ ਨਾਲ-ਨਾਲ ਹਜ਼ਾਰਾਂ ਸ਼ਬਦ ਅਤੇ ਪੁਰਾਤਨ ਰੀਤਾਂ ਅਤੇ ਬੰਦਸ਼ਾਂ ਯਾਦ ਸਨ। ਉਹਨਾਂ ਦੀਆਂ ਸੈਂਕੜੇ ਗੁਰਬਾਣੀ ਕੀਰਤਨ ਦੀਆਂ ਐਲਬਮਾਂ ਵਿੱਚ ਦਰਜ ਹਜ਼ਾਰਾਂ ਸ਼ਬਦਾਂ ਤੋਂ ਇਲਾਵਾ ਉਹਨਾਂ ਵੱਲੋਂ ਗਾਇਨ ਕੀਤੀ ‘ਆਸਾ ਦੀ ਵਾਰ’ ਦੇ ਕੀਰਤਨ ਦੀਆਂ 60 ਲੱਖ ਤੋਂ ਵੱਧ ਸੀਡੀਆਂ (ਪ੍ਰਤੀਆਂ) ਦੇਸ਼-ਵਿਦੇਸ਼ ’ਚ ਵਿਕ ਚੁੱਕੀਆਂ ਸਨ। ਭਾਈ ਨਿਰਮਲ ਸਿੰਘ ਦੀਆਂ ਨਾਮਵਰ ਰਿਕਾਰਡਿੰਗ ਕੰਪਨੀਆਂ ਨੇ 80 ਤੋਂ ਵੀ ਵੱਧ ਕੈਸਿਟਾਂ ਤੇ ਸੀਡੀਆਂ ਤਿਆਰ ਕੀਤੀਆਂ ਹਨ। ਫਿਲਮ ‘ਨਾਨਕ ਸ਼ਾਹ ਫ਼ਕੀਰ’ ਵਿੱਚ ਭਾਈ ਸਾਹਿਬ ਨੇ ਸ਼ਬਦ ਗਾਏ ਪਰ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ-ਕਮੇਟੀ ਦੇ ਮੈਂਬਰ ਸਨ। ਉਹ ਆਲ ਇੰਡੀਆ ਰੇਡੀਓ ਜਲੰਧਰ ਦੀ ਸੁਗਮ ਸੰਗੀਤ ਚੋਣ ਕਮੇਟੀ ਦੇ ਮੈਂਬਰ ਸਨ। ਉਹ ਅਕਾਸ਼ਵਾਣੀ ਤੇ ਦੂਰਦਰਸ਼ਨ ਦੇ ‘ਏ ਗਰੇਡ’ ਕਲਾਕਾਰ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵੱਲੋਂ ਉਹਨਾਂ ਦੀ ਰਿਕਾਰਡਿੰਗ ਤੇ ਡਾਕੂਮੈਂਟਰੀ ਫ਼ਿਲਮ ਵੀ ਤਿਆਰ ਕੀਤੀ ਗਈ। ਉਹਨਾਂ ਦੇਸ਼ ਦੇ ਸਾਰੇ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ 70 ਤੋਂ ਵੱਧ ਦੇਸ਼ਾਂ ਦੇ ਗੁਰੂ ਘਰਾਂ ’ਚ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਨਿਰਮਲ ਸਿੰਘ ਨੂੰ ਸੁਰ ਤਾਲ, ਖ਼ਿਆਲ, ਟੱਪਾ, ਠੁਮਰੀ, ਧਰੁਪਦ, ਪੜਤਾਲ, ਤਰਾਨਾ ਵਿੱਚ ਮੁਹਾਰਤ ਹਾਸਲ ਸੀ। ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦਾ ਭਲੀ-ਭਾਂਤ ਗਿਆਨ ਸੀ। ਉਹਨਾਂ ਦੀ ਇਸੇ ਮੁਹਾਰਤ ਲਈ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਵੱਲੋਂ 31 ਮਾਰਚ 2009 ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਉਹਨਾਂ ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਨਿਮਰਤਾ ਨਾਲ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਬਲਕਿ ਗੁਰੂ ਜਸ ਗਾਉਣ ਵਾਲੇ ਸਾਰੇ ਕੀਰਤਨੀਆਂ ਦਾ ਹੈ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸ਼੍ਰੋਮਣੀ ਰਾਗੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਰਾਗੀ ਐਵਾਰਡ’ ਨਾਲ ਨਿਵਾਜਿਆ ਗਿਆ।
ਭਾਈ ਨਿਰਮਲ ਸਿੰਘ ਨੇ ਸੰਨ 1991 ਤੋਂ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਆਰੰਭ ਕੀਤੀ ਗਈ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਨੂੰ ਕਾਮਯਾਬ ਕਰਨ ਵਿੱਚ ਆਪਣਾ ਮਹੱਤਵਪੂਰਨ ਤੇ ਭਰਪੂਰ ਯੋਗਦਾਨ ਪਾਇਆ ਅਤੇ ਨਾਲ ਹੀ ਇਹਨਾਂ ਆਯੋਜਿਤ ਕੀਤੇ ਗਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਵਿੱਚ ਨਿਰੰਤਰ ਹਾਜ਼ਰੀਆਂ ਵੀ ਭਰੀਆਂ। ਭਾਈ ਨਿਰਮਲ ਸਿੰਘ ਜੀ ਨੂੰ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੀਤੇ ਗਏ ਵਡਮੁੱਲੇ ਕਾਰਜਾਂ ਤੇ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਨ 2006 ਵਿੱਚ ‘ਗੁਰਮਤਿ ਸੰਗੀਤ ਐਵਾਰਡ’ ਨਾਲ ਨਿਵਾਜਿਆ। ਪ੍ਰੋ: ਤਾਰਾ ਸਿੰਘ ਦੇ ਚੇਲਿਆਂ ਅਤੇ ਗੁਰਮਤਿ ਸੰਗੀਤ ਚੇਅਰ ਵੱਲੋਂ ਉਹਨਾਂ ਨੂੰ ਗੁਰਮਤਿ ਸੰਗੀਤਾਚਾਰੀਆ ‘ਪ੍ਰੋ: ਤਾਰਾ ਸਿੰਘ ਸਿਮ੍ਰਤੀ ਐਵਾਰਡ’ ਦਿੱਤਾ ਗਿਆ।
ਭਾਈ ਨਿਰਮਲ ਸਿੰਘ ਖ਼ਾਲਸਾ ਪਹਿਲੇ ਅਜਿਹੇ ਰਾਗੀ ਸਨ। ਜਿਨ੍ਹਾਂ ਨੂੰ ਪੰਜਾਂ ਹੀ ਤਖ਼ਤ ਸਾਹਿਬਾਨ ਉੱਤੇ ਕੀਰਤਨ ਕਰਨ ਦਾ ਮਾਣ ਪ੍ਰਾਪਤ ਹੋਇਆ। ਉਹਨਾਂ ਦੇ ਮੁਖਾਰਬਿੰਦ ਤੋਂ ਸ਼ਬਦ ਕੀਰਤਨ ਸਰਵਣ ਕਰਨ ਦਾ ਇੱਕ ਆਪਣਾ ਹੀ ਵਿਸਮਾਦੀ ਅਨੰਦ ਸੀ। ਉਹਨਾਂ ਦੇ ਸ਼ਬਦ ‘ਕਰਿ ਬੰਦੇ ਤੂੰ ਬੰਦਗੀ’, ‘ਬਾਬੀਹਾ ਅੰਮ੍ਰਿਤ ਵੇਲੇ ਬੋਲਿਆ’, ‘ਧੰਨ-ਧੰਨ ਰਾਮਦਾਸ ਗੁਰ’, ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ’, ਦਿਲ ਨੂੰ ਧੂਹ ਪਾ ਦਿੰਦੇ ਸਨ। ਇਹਨਾਂ ਸ਼ਬਦਾਂ ਨੂੰ ਵਾਰ-ਵਾਰ ਸੁਣਨ ਨੂੰ ਮਨ ਕਰਦਾ ਸੀ। ਉਹਨਾਂ ਦੀ ਕੀਰਤਨ ਸ਼ੈਲੀ ਬਾਕੀ ਕੀਰਤਨੀਆਂ ਨਾਲੋਂ ਵੱਖ ਸੀ। ਭਾਈ ਨਿਰਮਲ ਸਿੰਘ ਪਾਸੋਂ ਬਹੁਤ ਸਾਰੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਵੀ ਤੰਤੀ ਸਾਜ਼ਾਂ ’ਚ ਤਾਲੀਮ ਹਾਸਲ ਕੀਤੀ। ਉਹਨਾਂ ਨੇ ਬਹੁਤ ਸਾਰੇ ਸੰਗੀਤ ਦੇ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਸੇਵਾ ਨਿਭਾਈ। ਉਹਨਾਂ ਗ਼ਰੀਬਾਂ, ਲੋੜਵੰਦਾਂ ਦੀ ਮਦਦ ਕੀਤੀ ਤੇ ਲੋਕ-ਭਲਾਈ ਦੇ ਕੰਮਾਂ ਵਿੱਚ ਵੀ ਅੱਗੇ ਹੋ ਕੇ ਹਿੱਸਾ ਪਾਇਆ। ਉਹਨਾਂ ਗ਼ਰੀਬ ਲੋਕਾਂ ਅਤੇ ਆਪਣੇ ਨਜ਼ਦੀਕੀਆਂ ਨੂੰ ਵਿਦੇਸ਼ ਵਿੱਚ ਭੇਜਣ ’ਚ ਸਹਾਇਤਾ ਕੀਤੀ।
1984 ਵਿੱਚ ਬਲਿਉੂ ਸਟਾਰ ਅਪਰੇਸ਼ਨ ਸਮੇਂ ਭਾਈ ਨਿਰਮਲ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਤਾਰ ਨੌਂ ਘੰਟੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ।
ਪਿ੍: ਹਰਿਭਜਨ ਸਿੰਘ ਜੀ, ਭਾਈ ਨਿਰਮਲ ਸਿੰਘ ਦੀ ਰਾਗ ਵਿੱਦਿਆ ਦੇ ਅਭਿਆਸ ਦੀ ਲਗਨ ਅਤੇ ਕੀਰਤਨ ਸ਼ੈਲੀ ਨੂੰ ਧਿਆਨ ’ਚ ਰੱਖ ਕੇ ਕਿਹਾ ਕਰਦੇ ਸਨ ‘ਕਿ ਇਹ ਸਾਡਾ ਤਾਨਸੇਨ ਹੈ।’ ਉਹ ਦਰਬਾਰ ਸਾਹਿਬ ਵਿਖੇ ਬੀਬੀਆਂ ਦੇ ਕੀਰਤਨੀ ਜਥੇ ਹੋਣ ਦੀ ਵਕਾਲਤ ਕਰਦੇ ਸਨ।  
ਭਾਈ ਨਿਰਮਲ ਸਿੰਘ ਵਿਸ਼ਵ ਪ੍ਰਸਿੱਧ ਗਾਇਕ ਆਸ਼ਾ ਭੌਂਸਲੇ ਦੇ ਪ੍ਰਸੰਸਕ ਸਨ ਤੇ ਆਸ਼ਾ ਨਾਲ ਮਿਲ ਕੇ ਸ਼ਬਦ ਗਾਇਨ ਦੀ ਐਲਬਮ ਕਰਨ ਦੇ ਚਾਹਵਾਨ ਸਨ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਫੇਰੀ ਦੌਰਾਨ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਨੇ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਕੀਰਤਨ ਸਰਵਣ ਕਰਨ ਮਗਰੋਂ ਸ਼੍ਰੀ ਦਰਬਾਰ ਸਾਹਿਬ ਦੀ ਵਿਜ਼ਟਰ ਬੁੱਕ (ਡਾਇਰੀ) ’ਚ ਇਹ ਸ਼ਬਦ ਦਰਜ ਕੀਤੇ, ‘‘ਮੈਂ ਜ਼ਿੰਦਗੀ ’ਚ ਚੋਰੀ ਨਹੀਂ ਕੀਤੀ ਪਰ ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਦਰਬਾਰ ਸਾਹਿਬ ਵਿੱਚੋਂ ਇੱਕ ਰਾਗੀ ਚੋਰੀ ਕਰਕੇ ਲੈ ਜਾਵਾਂ।’’
ਭਾਈ ਨਿਰਮਲ ਸਿੰਘ ਸਿਰਫ਼ ਉੱਚ ਕੋਟੀ ਦੇ ਕੀਰਤਨੀਏ ਹੀ ਨਹੀਂ ਸਗੋਂ ਚੰਗੇ ਲੇਖਕ ਵੀ ਸਨ। ਉਹਨਾਂ ਦੋ ਪੁਸਤਕਾਂ ‘ਗੁਰਮਤਿ ਸੰਗੀਤ ਦੇ ਅਨਮੋਲ ਹੀਰੇ’ ਤੇ ‘ਪ੍ਰਸਿੱਧ ਕੀਰਤਨਕਾਰ ਬੀਬੀਆਂ’ ਸਿੱਖ ਜਗਤ ਨੂੰ ਭੇਟ ਕੀਤੀਆਂ। ਇਹ ਦੋਨੋਂ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਿਲੇਬਸ ਦਾ ਹਿੱਸਾ ਹਨ। ਗੁਰਮਤਿ ਸੰਗੀਤ ਦੇ ਅਨਮੋਲ ਹੀਰੇ ਪੁਸਤਕ ਵਿੱਚ 52 ਲੇਖ ਹਨ ਜੋ ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਪੰਜਾਬੀ ਟਿ੍ਰਬਿਉੂਨ ਤੇ ਰੋਜ਼ਾਨਾ ਸਪੋਕਸਮੈਨ ਵਿੱਚ ਲੜੀਵਾਰ ਛਪੇ ਹਨ।
ਸ਼੍ਰੋਮਣੀ ਰਾਗੀ, ਰਸ-ਭਿੰਨੇ ਕੀਰਤਨੀਏ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ 2 ਅਪੈ੍ਲ 2020 ਦਿਨ ਵੀਰਵਾਰ ਨੂੰ 68 ਸਾਲ ਦੀ ਉਮਰ ਬਤੀਤ ਕਰਕੇ ਅਕਾਲ ਚਲਾਣਾ ਕਰ ਗਏ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ