ਮੈਨਚੇਸਟਰ, ਅਗਸਤ 2019 (ਗਿਆਨੀ ਅਮਰੀਕ ਸਿੰਘ ਰਾਠੌਰ )-ਆਸਟਰੀਆ 'ਚ ਇਕ ਹਵਾਈ ਅੱਡੇ 'ਤੇ ਇਕ ਮਨੁੱਖੀ ਅਧਿਕਾਰ ਸਿੱਖ ਕਾਰਕੁਨ 'ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਹਵਾਈ ਅੱਡੇ 'ਤੇ ਤਾਇਨਾਤ ਮਹਿਲਾ ਸੁਰੱਖਿਆ ਅਧਿਕਾਰੀ ਵਲੋਂ ਕਾਰਕੁਨ ਦੀ ਪੱਗ 'ਚ ਬੰਬ ਮਿਲਣ ਨੂੰ ਲੈ ਕੇ ਮਜ਼ਾਕ ਕੀਤੇ ਜਾਣ ਦੇ ਬਾਅਦ ਇਹ ਘਟਨਾ ਵਾਪਰੀ । ਇਕ ਮੀਡੀਆ ਰਿਪੋਰਟ ਨੇ ਇਹ ਗੱਲ ਕਹੀ ਹੈ । ਰਿਪੋਰਟ ਅਨੁਸਾਰ ਰਵੀ ਸਿੰਘ ਇਰਾਕ 'ਚ ਆਈ.ਐਸ. ਦੁਆਰਾ ਬੰਦੀ ਬਣਾਈਆਂ ਗਈਆਂ ਯਜ਼ੀਦੀ ਔਰਤਾਂ ਦੀ ਮਦਦ ਕਰਨ ਬਾਅਦ ਸ਼ੁੱਕਰਵਾਰ ਨੂੰ ਬਰਤਾਨੀਆ ਵਾਪਸ ਆ ਰਿਹਾ ਸੀ ।ਇਸ ਦੌਰਾਨ ਵਿਆਨਾ ਕੌਮਾਂਤਰੀ ਹਵਾਈ ਅੱਡੇ 'ਤੇ ਉਸ ਦੀ ਇਕ ਕਰਮਚਾਰੀ ਨਾਲ ਬਹਿਸ ਹੋ ਗਈ । ਰਿਪੋਰਟ ਅਨੁਸਾਰ 'ਖਾਲਸਾ ਏਡ' ਦੇ ਸੰਸਥਾਪਕ ਰਵੀ ਸਿੰਘ ਹਵਾਈ ਅੱਡੇ 'ਤੇ ਜਹਾਜ਼ ਬਦਲ ਰਹੇ ਸਨ ।ਉਸ ਸਮੇਂ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਪੱਗ ਦੀ ਤਲਾਸ਼ੀ ਲੈਣ ਦਿੱਤੀ । ਉਹ ਬਿਨਾਂ ਕਿਸੇ ਰੁਕਾਵਟ ਦੇ 'ਮੈਟਰ ਡਿਟੈਕਟਰ' (ਜਾਂਚ ਮਸ਼ੀਨ) ਤੋਂ ਲੰਘ ਗਏ, ਪਰ ਇਕ ਕਰਮਚਾਰੀ ਨੇ ਹੱਥ 'ਚ ਫੜੀ ਮਸ਼ੀਨ ਰਾਹੀਂ ਉਨ੍ਹਾਂ ਦੀ ਪੱਗ ਦੀ ਜਾਂਚ ਕਰਨ ਨੂੰ ਕਿਹਾ ।ਰਵੀ ਸਿੰਘ ਨੇ ਜਦੋਂ ਪੁੱਛਿਆ ਕਿ ਕੀ ਕੋਈ ਪ੍ਰੇਸ਼ਾਨੀ ਹੈ ਤਾਂ ਇਕ ਮਹਿਲਾ ਸੁਰੱਖਿਆ ਕਰਮੀ ਨੇ ਕਿਹਾ ਕਿ ਹਾਂ ਸਾਨੂੰ ਬੰਬ ਮਿਲਿਆ ਹੈ । ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਪਹਿਲੀ ਵਾਰ ਟਿੱਪਣੀ ਕੀਤੀ ਤਾਂ ਉਹ ਮੁਸਕਰਾ ਰਹੀ ਸੀ, ਪਰ ਜਦੋਂ ਉਨ੍ਹਾਂ ਉਸ ਨੂੰ ਚੁਣੌਤੀ ਦਿੱਤੀ ਤਾਂ ਉਹ ਬਹੁਤ ਪ੍ਰੇਸ਼ਾਨ ਹੋਈ ਤੇ ਉਸ ਦਾ ਚਿਹਰਾ ਸ਼ਰਮਿੰਦਗੀ ਨਾਲ ਲਾਲ ਹੋ ਗਿਆ । ਇਸ ਤੋਂ ਬਾਅਦ ਰਵੀ ਸਿੰਘ ਨੇ ਮਹਿਲਾ ਕਰਮੀ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ । ਉਨ੍ਹਾਂ ਕਿਹਾ ਕਿ ਜੇਕਰ ਬੰਬ ਰੱਖਣ ਸਬੰਧੀ ਮੈਂ ਟਿੱਪਣੀ ਕੀਤੀ ਹੁੰਦੀ ਤੇ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਹੁੰਦਾ । ਹਵਾਈ ਅੱਡੇ ਦੇ ਇਕ ਬੁਲਾਰੇ ਨੇ ਰਵੀ ਸਿੰਘ ਨੂੰ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਤੇ ਇਸ ਦੇ ਲਈ ਅਸੀਂ ਮੁਆਫ਼ੀ ਮੰਗਦੇ ਹਾਂ ।