You are here

ਝਾਤੀ ਲਾਇਆ ਕਰੋ ✍️ ਮਨਜੀਤ ਕੌਰ ਧੀਮਾਨ

ਸਵੇਰ ਸਾਰ ਹੀ ਉੱਠਦਿਆਂ,

ਰੱਬ ਦਾ ਨਾਮ ਧਿਆਇਆ ਕਰੋ।

ਬਾਹਰ ਦੀ ਨੱਠ ਭੱਜ ਤੋਂ ਪਹਿਲਾਂ,

ਅੰਦਰ ਝਾਤੀ ਲਾਇਆ ਕਰੋ।

ਝੂਠ ਪਾਪ ਦੇ ਲੱਗੇ ਜਿਹੜੇ,

ਜਾਲੇ਼ ਅੰਦਰੋਂ ਲਾਹਿਆ ਕਰੋ।

ਤਨ ਮਨ ਦੋਵੇਂ ਹੋਣ ਨਿਹਾਲ,

ਐਹੋ ਜਿਹਾ ਨ੍ਹਾਇਆ ਕਰੋ।

ਛੱਡ ਕੇ ਕਲਹਿ ਕਲੇਸ਼ ਸਾਰੇ,

ਮੁਹੱਬਤਾਂ ਦੀ ਬਾਤ ਪਾਇਆ ਕਰੋ।

ਪਾਣੀ ਵਿੱਚ ਮਧਾਣੀ ਪਾ ਪਾ,

ਖੱਟਿਆ, ਨਾ ਗਵਾਇਆ ਕਰੋ।

ਮਿੱਟੀ ਪਾਓ ਗੱਲ ਬੀਤੀ ਤੇ,

ਦਿਲ ਤੋਂ ਵੈਰ ਮਿਟਾਇਆ ਕਰੋ।

ਰੋਟੀ ਟੁੱਕ ਬਰਕਤਾਂ ਵਾਲ਼ੀ,

ਵੰਡ ਵੰਡਾਂ ਕੇ ਖਾਇਆ ਕਰੋ।

ਢਿੱਡ ਨੂੰ ਤੁੰਨੀ ਜਾਨੈ 'ਮਨਜੀਤ ',

ਰੂਹ ਨੂੰ ਵੀ ਰਜਾਇਆ ਕਰੋ।

ਸੱਚੇ ਸਾਹਿਬ ਤਾਈਂ ਚਿੱਤ ਲਾਕੇ,

ਰਹਿਮਤਾਂ ਓਹਦੀਆਂ ਪਾਇਆ ਕਰੋ।

 

ਮਨਜੀਤ ਕੌਰ ਧੀਮਾਨ,

ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ ਸੰ:9464633059