You are here

27 ਫ਼ਰਵਰੀ ਨੂੰ ਬਰਸੀ ’ਤੇ ਵਿਸ਼ੇਸ਼ ✍️ ਕਰਨੈਲ ਸਿੰਘ ਐੱਮ.ਏ

ਪ੍ਰਸਿੱਧ ਇਤਿਹਾਸਕਾਰ ਸਨ: ਗਿਆਨੀ ਬਲਵੰਤ ਸਿੰਘ ਕੋਠਾ ਗੁਰੂ
ਪ੍ਰਸਿੱਧ ਇਤਿਹਾਸਕਾਰ, ਸਿੱਖ ਵਿਦਵਾਨ ਤੇ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਜਨਮ 25 ਜੂਨ 1933 ਈ: ਨੂੰ ਪਿਤਾ ਸ੍ਰ: ਬੁੱਘਾ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ ਕੁੱਖ ਤੋਂ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਗਿਆਨੀ ਜੀ ਦੀ ਬਚਪਨ ਤੋਂ ਹੀ ਧਾਰਮਿਕ ਵਿੱਦਿਆ ਵੱਲ ਰੁਚੀ ਸੀ। ਉਹਨਾਂ ਮੁਢਲੀ ਪੜ੍ਹਾਈ ਪਿੰਡ ਦੇ ਪ੍ਰਾਚੀਨ ਧਾਰਮਿਕ ਸਾਧੂ ਆਸ਼ਰਮਾਂ (ਡੇਰਿਆਂ) ਤੋਂ, ਸੰਸਕਿ੍ਰਤ ਦੀ ਪੜਾਈ ਬਨਾਰਸ ਤੋਂ ਅਤੇ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।
ਗਿਆਨੀ ਬਲਵੰਤ ਸਿੰਘ ਜੀ ਉੱਚੇ-ਸੁੱਚੇ ਜੀਵਨ ਵਾਲੇ, ਨਿਰਮਲ ਆਤਮਾ ਸਾਧੂ ਪੁਰਸ਼ ਸਨ। ਉਹਨਾਂ ਨੂੰ ਪੰਜਾਬੀ, ਹਿੰਦੀ, ਉਰਦੂ, ਬਿ੍ਰਜ ਭਾਸ਼ਾ ਤੇ ਸੰਸਕਿ੍ਰਤ ਦਾ ਗੂੜ੍ਹਾ ਗਿਆਨ ਸੀ। ਉਹਨਾਂ ਦਾ ਵਿਆਹ ਸ਼੍ਰੀਮਤੀ ਜਗੀਰ ਕੌਰ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ (ਬਠਿੰਡਾ) ਨਾਲ ਹੋਇਆ। ਉਹਨਾਂ ਦੇ ਗ੍ਰਹਿ ਪੰਜ ਸਪੁੱਤਰਾਂ ਜਗਰੂਪ ਸਿੰਘ, ਰਣਵੀਰ ਸਿੰਘ, ਗਿਆਨੀ ਕੌਰ ਸਿੰਘ, ਨਰਪਾਲ ਸਿੰਘ ਤੇ ਡਾ: ਬਰਜਿੰਦਰ ਸਿੰਘ ਨੇ ਜਨਮ ਲਿਆ।
ਗਿਆਨੀ ਜੀ ਨੇ ਗੁਰਦੁਆਰਾ ਦੀਨਾ ਕਾਂਗੜ, ਗੁਰਦੁਆਰਾ ਤਖਤੂਪੁਰਾ, ਗੁਰਦੁਆਰਾ ਕੌਲਸਰ, ਕੋਠਾ ਗੁਰੂ, ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਗੁਰੂਸਰ ਨਥਾਣਾ ਦਾ ਇਤਿਹਾਸ ਲਿਖਿਆ।  ਉਹਨਾਂ ਨੇ ਅਦੁੱਤੀ ਸੇਵਕ (ਜੀਵਨੀ) ਜਥੇਦਾਰ ਦਿਆਲ ਸਿੰਘ ਪਰਵਾਨਾ (1955), ਰੂਪ ਦੀਪ (ਪਿੰਗਲ) ਸਟੀਕ (1957), ਅਗਮ ਅਗਾਧ ਪੁਰਖ (ਜੀਵਨ ਕਥਾ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ) (1983), ਏਕ ਪੁਰਖ ਅਪਾਰ (1983), ਦਮਦਮਾ ਗੁਰੂ ਕੀ ਕਾਸ਼ੀ, ਸੰਤ ਬਾਬਾ ਬਲਵੰਤ ਸਿੰਘ ਜੀ ਧਲੇਰ ਵਾਲੇ (ਜੀਵਨੀ) (1994), ਪੂਜਯ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ (ਹਿੰਦੀ) (1994), ਪਰਮ ਰੂਪ ਪੁਨੀਤ ਮੂਰਤ (1995), ਨਿਰਮਲ ਪੰਥ ਬੋਧ (1998), ਗੁਰੂ ਵੰਸ਼ ਖ਼ਾਲਸਾ ਪੰਥ ਹਿੰਦੀ (1999), ਵਿੱਦਿਆਸਰ ਦਾ ਵਿੱਦਿਆ ਸਾਗਰ (2000), ਸੁਧਾਸਰ ਕੇ ਰਤਨ (ਹਿੰਦੀ) (2001), ਸ਼੍ਰੀ ਦਮਦਮਾ ਗੁਰੂ ਕਾਸ਼ੀ (2003), ਕੋਠਾ ਗੁਰੂ ਦੀ ਗੌਰਵ ਗਾਥਾ (2004),  ਮਾਤਾ ਦੇਸਾਂ ਦਾ ਬੁਰਜ (2005), ਸੰਤ ਅਤਰ ਸਿੰਘ ਅਭਿਨੰਦਨ ਗ੍ਰੰਥ (2006), ਡੇਰਾ ਬਾਬਾ ਦਲ ਸਿੰਘ (2007), ਗੁਰੂ ਗ੍ਰੰਥ ਸਾਹਿਬ ਤਿ੍ਰਤੀਯ ਸ਼ਤਾਬਦੀ ਪੂਰਨਤਾ ਦਿਵਸ (2008), ਸੁੂਰਬੀਰ ਬਚਨ ਕੇ ਬਲੀ (2009), ਕਿ੍ਰਪਾਨ ਪ੍ਰਾਣੀ ਨਿਰਭੈ ਯੋਧਾ ਮਹਾਂਬੀਰ ਬੰਦਾ ਸਿੰਘ (2009), ਨਿਰਮਲ ਪੰਥ ਦੀ ਗੌਰਵ ਗਾਥਾ  (2009), ਨਿਰਮਲ ਭੇਖ ਭਾਸਕਰ (2009),  ਗੁਰ ਗਿਰਾਰਥ ਕੋਸ਼ (2012), ਸੰਪਰਦਾਇ ਮਸਤੂਆਣਾ (2014) ਆਦਿ ਦੋ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ।
ਗਿਆਨੀ ਬਲਵੰਤ ਸਿੰਘ ਜੀ ਪਿਆਰ ਨਾਲ ਬੋਲਣ ਵਾਲੇ, ਹਸਮੁਖ ਬਿਰਤੀ ਦੇ ਮਾਲਕ ਸਨ। ਉਹਨਾਂ ਦੇ ਚਿਹਰੇ ਤੇ ਕਦੇ ਵੀ ਵੱਟ ਨਹੀਂ ਸੀ ਦੇਖਿਆ। ਇਸੇ ਕਾਰਨ ਹੀ ਉਹ ਗਰਾਮ ਪੰਚਾਇਤ ਕੋਠਾ ਗੁਰੂ ਦੇ ਸਰਪੰਚ, ਗੁਰਮਤਿ ਪ੍ਰਚਾਰਕ ਸਭਾ ਕੋਠਾ ਗੁਰੂ ਦੇ ਪ੍ਰਧਾਨ, ਮਾਲਵਾ ਚਕਰਵਰਤੀ ਖ਼ਾਲਸਾ ਦੀਵਾਨ ਅਮਰਗੜ੍ਹ ਦੇ ਪ੍ਰਧਾਨ, ਮਾਲਵਾ ਇਤਿਹਾਸ ਖੋਜ ਕੇਂਦਰ ਬਠਿੰਡਾ ਦੇ ਪ੍ਰਧਾਨ, ਸਰਵ ਭਾਰਤ ਨਿਰਮਲ ਮਹਾਂ ਮੰਡਲ (ਰਜਿ:) ਅੰਮ੍ਰਿਤਸਰ ਦੇ ਮੀਤ ਪ੍ਰਧਾਨ, ਪੰਚ ਖ਼ਾਲਸਾ ਦੀਵਾਨ ਪੰਚਖੰਡ ਦੇ ਮੀਤ ਸਕੱਤਰ, ਸਰਵ ਭਾਰਤ ਨਿਰਮਲ ਮਹਾਂ ਮੰਡਲ (ਰਜਿ:) ਅੰਮ੍ਰਿਤਸਰ ਦੇ ਜਨਰਲ ਸਕੱਤਰ ਸਨ। ਉਹਨਾਂ ਨੂੰ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ 1988 ਵਿੱਚ ਮਲੋਟ ਹੁਣ ਜ਼ਿਲ੍ਹਾ ਮੁਕਤਸਰ ਵਿਖੇ ਹੋਈ 56ਵੀਂ ਸਰਬ-ਹਿੰਦ ਸਿੱਖ ਐਜ਼ੂਕੇਸ਼ਨਲ ਕਾਨਫਰੰਸ ਸਮੇਂ ਸਹਿਜਧਾਰੀ ਕਾਨਫਰੰਸ ਦੇ ਕਨਵੀਨਰ, 1990 ਵਿੱਚ ਲੁਧਿਆਣਾ ਵਿਖੇ 57ਵੀਂ ਸਰਬ-ਹਿੰਦ ਸਿੱਖ ਐਜ਼ੂਕੇਸ਼ਨਲ ਕਾਨਫ਼ਰੰਸ ਸਮੇਂ ਸੰਤ-ਸੰਮੇਲਨ ਦੇ ਕਨਵੀਨਰ ਥਾਪੇ ਗਏ ਸਨ।
ਗਿਆਨੀ ਬਲਵੰਤ ਸਿੰਘ ਪੰਜਾਬੀ ਪਰਵਾਨਾ (ਮਾਸਿਕ) ਕੋਟਕਪੂਰਾ ਦੇ ਸੰਪਾਦਕ, ਖ਼ਾਲਸਾ ਪਾਰਲੀਮੈਂਟ ਗਜ਼ਟ ਸੱਚ-ਖੰਡ (ਮਾਸਿਕ) ਦੇ ਉਪ ਸੰਪਾਦਕ, ਸਿੱਧੂ ਬਰਾੜ (ਮਾਸਿਕ) ਬਠਿੰਡਾ ਦੇ ਸੰਪਾਦਕ, ਨਿਰਮਲਾ ਚਿੰਤਾਮਣੀ ਕੋਠਾ ਗੁਰੂ (ਸਪਤਾਹਿਕ) ਦੇ ਸੰਪਾਦਕ ਸਨ।
ਗਿਆਨੀ ਜੀ ਤੁਰਦੀ-ਫਿਰਦੀ ਡਿਕਸ਼ਨਰੀ ਸਨ। ਉਹ ਬਹੁਤ ਵਧੀਆ ਵਿਆਖਿਆਨਦਾਤਾ (ਲੈਕਚਰਾਰ) ਸਨ। ਉਹਨਾਂ ਨੂੰ ਇਹ ਸਭ ਗੁਣਾਂ ਦੀ ਦਾਤ ਗੁਰੂ ਕੀ ਕਾਸ਼ੀ (ਸ਼੍ਰੀ ਦਮਦਮਾ ਸਾਹਿਬ) ਵਿੱਚੋਂ ਪ੍ਰਾਪਤ ਹੋਈ ਸੀ। ਗੁਰੂ ਕੀ ਕਾਸ਼ੀ ਵਿੱਚੋਂ ਹੀ ਕਲਗ਼ੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਣਸਰ ਸਰੋਵਰ ਵਿੱਚ ਪ੍ਰਵਾਹੀਆਂ ਕਲਮਾਂ ਵਿੱਚੋਂ ਕਲਮ ਦੀ ਪ੍ਰਾਪਤੀ ਹੋਈ    ਸੀ। ਸੰਨ 1959 ਵਿੱਚ ਗਿਆਨੀ ਬਲਵੰਤ ਸਿੰਘ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਰੇ 180 ਸਫਿਆਂ ਦਾ ਗ੍ਰੰਥ ‘ਤਖ਼ਤ ਦਮਦਮਾ ਸਾਹਿਬ’ ਪ੍ਰਕਾਸ਼ਿਤ ਕੀਤਾ। ਇਸ ਵਿੱਚ ਇਤਿਹਾਸ ਦੇ ਅਨੇਕਾਂ ਪ੍ਰਮਾਣ ਦੇ ਕੇ ਸ਼੍ਰੀ ਦਮਦਮਾ ਸਾਹਿਬ ਨੂੰ ‘ਤਖ਼ਤ’ ਸਿੱਧ ਕੀਤਾ ਗਿਆ। ਇਸ ਗ੍ਰੰਥ ਤੋਂ ਬਾਅਦ ਹੀ ਸ਼੍ਰੀ ਦਮਦਮਾ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਖ਼ਤ ਨੂੰ ਬਾਕੀ ਤਖ਼ਤਾਂ ਦੀ ਤਰ੍ਹਾਂ ਮਾਨਤਾ ਦੇ ਕੇ ਤਖ਼ਤਾਂ ਵਾਲੀ ਮਰਯਾਦਾ ਚਾਲੂ ਕੀਤੀ।
ਉਹਨਾਂ ਦੇ ਖੋਜ ਭਰਪੂਰ ਇਤਿਹਾਸਕ ਲੇਖ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ, ਅਖ਼ਬਾਰਾਂ ਤੇ ਹਿੰਦੀ ਪੱਤਰਾਂ ਵਿੱਚ ਛਪਦੇ ਰਹੇ। ਵਾਰਾਨਸੀ ਕਾਂਸ਼ੀ ਤੋਂ ਛਪਣ ਵਾਲੇ ਸੰਸਕਿ੍ਰਤ ਦੇ ਸਪਤਾਹਿਕ ਪੱਤਰ ‘ਗੰਡੀਵ’ ’ਚ ਆਪ ਦੇ ਲੇਖ ਪ੍ਰਕਾਸ਼ਿਤ ਹੁੰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ’ ਵਿੱਚ ਉਹਨਾਂ ਦੇ ਬਹੁਤ ਸਾਰੇ ਲੇਖ ਸ਼ਾਮਲ ਕੀਤੇ ਗਏ। ਉਹਨਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਧਰਮ-ਪ੍ਰਚਾਰ ਕੀਤਾ। ਚਾਰੇ ਕੁੰਭ ਪਰਵਾਂ ਹਰਿਦੁਆਰ, ਪ੍ਰਯਾਗਰਾਜ, (ਇਲਾਹਾਬਾਦ), ਉਜੈਨ ਅਤੇ ਤਿ੍ਰਯੰਬਕ (ਨਾਸਿਕ) ਵਿੱਚ ਨਿਰਮਲ ਭੇਖ ਦੇ ਸੰਤ-ਸੰਮੇਲਨ ਦੇ ਮੰਚ ਸੰਚਾਲਕ ਉਹ ਹੀ ਹੁੰਦੇ ਸਨ।
ਉਹ ਸੁਭਾਅ ਦੇ ਨਰਮ, ਮਿੱਠਬੋਲੜੇ ਤੇ ਮਿਲਣਸਾਰ ਸਨ। ਰਾਜਨੀਤਿਕ ਪਾਰਟੀਆਂ ਤੋਂ ਦੂਰ ਰਹਿਣ ਵਾਲੇ ਕੇਵਲ ਧਾਰਮਿਕ ਬਿਰਤੀ ਦੇ ਧਾਰਨੀ, ਨਾਮ-ਅਭਿਆਸੀ ਸਮਦਿ੍ਰਸ਼ਟੀ, ਸਮਦਰਸ਼ੀ ਮਹਾਂਪੁਰਖ ਸਨ। ਉਹਨਾਂ ਵਿੱਚ ਹਉਂਮੈਂ ਅਹੰਕਾਰ ਦਾ ਕਦੇ ਅਭਾਸ ਨਹੀਂ ਆਇਆ। ਉਹਨਾਂ ਦਾ ਜਨਮ ਤੋਂ ਹੀ ਜੀਵਨ ਸ਼੍ਰੇਸ਼ਟ ਅਤੇ ਪਵਿੱਤਰ ਸੀ। ਉਹਨਾਂ ਨੂੰ 12 ਮਾਰਚ 2016 ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਗਿਆਨ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਵਿੱਚ ਪੰਜ ਲੱਖ ਰੁਪਏ ਨਕਦ ਤੇ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਤੇ ਸੈਂਕੜੇ ਸੰਸਥਾਵਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਿਆਨੀ ਜੀ ਦੁਆਰਾ ਇਤਿਹਾਸ ਦੇ ਖੇਤਰ ’ਚ ਪਾਏ ਵਡਮੁੱਲੇ ਯੋਗਦਾਨ ਸਦਕਾ ਉਹਨਾਂ ਨੂੰ ‘ਗੁਰਮਤਿ ਮਾਰਤੰਡ’ ਸਨਮਾਨ ਦੇਣ ਦਾ ਫੈਸਲਾ ਲਿਆ ਗਿਆ।
ਗਿਆਨੀ ਬਲਵੰਤ ਸਿੰਘ ਪਰਮਾਤਮਾ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਸੰਪੂਰਨ ਕਰਕੇ 27 ਫ਼ਰਵਰੀ 2019 ਈ: ਦਿਨ ਬੁੱਧਵਾਰ ਨੂੰ 86 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ
ਲੁਧਿਆਣਾ
5-mail:-karnailsinghma0gmail.com.