ਬੈਡਫੋਰਡ, ਅਗਸਤ 2019 ( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਸੇਵਾ ਟਰੱਸਟ ਯੂ.ਕੇ., ਏਸ਼ੀਅਨ ਬਿਜਨਿਸ ਐਸੋਸੀਏਸ਼ਨ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਭਾਈਚਾਰਕ ਗੁਰੱਪਾਂ ਤੋਂ ਇਲਾਵਾ ਗੁਰੂ ਘਰਾਂ ਅਤੇ ਮੰਦਰਾਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ | ਬੈਡਫੋਰਡ ਦੇ ਹਾਰਪਰ ਸੈਂਟਰ ਦੇ ਖੁੱਲ੍ਹੇ ਗਲਿਆਰੇ 'ਚ ਹੋਏ ਇਸ ਸਮਾਗਮ 'ਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਨ ਤੋਂ ਬਾਅਦ ਸੰਬੋਧਨ ਕਰਦਿਆਂ ਕਿ ਮਾਣ ਵਾਲੀ ਗੱਲ ਹੈ ਕਿ ਬੈਡਫੋਰਡ 'ਚ ਵੱਸਦੇ ਸਮੂਹ ਭਾਰਤੀਆਂ ਅਤੇ 20 ਤੋਂ ਵੱਧ ਸੰਸਥਾਵਾਂ ਨੇ ਇਕਜੁੱਠ ਹੋ ਕੇ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਹੈ | ਉਨ੍ਹਾਂ ਸ਼ਹਿਰ ਦੇ ਮੇਅਰ ਡੇਵ ਹੋਜਸਨ ਦਾ ਉਚੇਚਾ ਧੰਨਵਾਦ ਕੀਤਾ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਨਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਬੈਡਫੋਰਡ ਸ਼ਹਿਰ ਦੇ ਗੁਰੂ ਘਰਾਂ ਵਲੋਂ ਆਏ ਮਹਿਮਾਨਾਂ ਲਈ ਚਾਹ ਪਾਣੀ ਤੇ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਵਿਸ਼ਾਲ ਜਲੂਸ ਦੀ ਸ਼ਕਲ 'ਚ ਤਿਰੰਗੇ ਨੂੰ ਪੂਰੇ ਸਨਮਾਨ ਨਾਲ ਟਾਊਨ ਹਾਲ ਤੱਕ ਲਿਆਂਦਾ ਗਿਆ, ਜਿਸ ਦੀ ਅਗਵਾਈ ਦਵਿੰਦਰ ਕੌਰ ਗਾਲੜੀ ਨੇ ਕੀਤੀ | ਇਸ ਮੌਕੇ ਸ਼ਹਿਰ ਦੇ ਮੇਅਰ ਡੇਵ ਹੋਜਸਨ, ਸੰਸਦ ਮੈਂਬਰ ਮੁਹੰਮਦ ਯਸੀਨ, ਮਹਾਰਾਣੀ ਵਲੋਂ ਡਿਪਟੀ ਲੈਫਟੀਨੈਂਟ ਪ੍ਰੋ. ਗੁਰਚਰਨ ਸਿੰਘ ਰੰਧਾਵਾ ਆਦਿ ਹਾਜ਼ਰ ਸਨ |