ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕੈਰੀਅਰ ਕੌਂਸਲਿੰਗ ਕਰਨ ਲਈ ਨਿਰੰਤਰ ਵਰਕਸ਼ਾਪ ਸ਼ੁਰੂ
ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਨਕ ਕੈਂਪਸ ਵਿਖੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਭਾਰਤੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਆਸ-ਪਾਸ ਦੇ ਜ਼ਿਲਿਆ ਦੇ ਸਕੂਲੀ ਵਿਦਿਆਰਥੀਆਂ ਦੀ ਕੈਰੀਅਰ ਗਾਈਡੈਂਸ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਹਾਈ ਅਤੇ ਸੈਕੰਡਰੀ ਪੱਧਰ ਦੇ ਅੱਠ ਸਰਕਾਰੀ ਸਕੂਲ ਫੁਲੂਖੇੜਾ, ਲਾਲੇਆਣਾ, ਲੇਲੇਆਲਾ, ਬਹਿਮਣ ਜੱਸਾ ਸਿੰਘ, ਗਾਟਵਾਲੀ, ਮਲਕਾਣਾ, ਕੋਟ ਬਖਤੂ ਤੇ ਪੱਕਾ ਖੁਰਦ ਦੇ 10ਵੀਂ ਤੋਂ 12ਵੀਂ ਕਲਾਸਾਂ ਦੇ ਵਿਦਿਆਥੀਆਂ ਨੇ ਅਧਿਆਪਕਾਂ ਸਮੇਤ ਕੈਰੀਅਰ ਗਾਈਡੈਂਸ ਵਰਕਸ਼ਾਪ 'ਚ ਭਾਗ ਲਿਆ। ਇਸ ਵਰਕਸ਼ਾਪ ਦੌਰਾਨ, ਡਾ. ਅੰਜੂ ਸੈਣੀ ਵਿਭਾਗ ਦੇ ਮੁਖੀ, ਡਾ. ਬਲਜਿੰਦਰ ਕੌਰ, ਡਾ. ਪ੍ਰੀਤੀ ਬਾਂਸਲ, ਡਾ. ਦਿਵਿਆ ਤਨੇਜਾ, ਡਾ. ਹਰਕੰਵਲ ਸਿੰਘ ਨੇ ਵੱਖ-ਵੱਖ ਸਮੇਂ 'ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਇੱਕ ਚੰਗੇ ਕੈਰੀਅਰ ਦੀ ਚੋਣ ਕਰਨ ਲਈ ਕੌਸਲਿੰਗ ਕੀਤੀ। ਇਸਦੇ ਨਾਲ-ਨਾਲ ਕੈਂਪਸ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ। ਕੈਂਪਸ ਡਾਇਰੈਕਟਰ ਪ੍ਰੋਫੇਸਰ (ਡਾ.) ਜਸਬੀਰ ਸਿੰਘ ਹੁੰਦਲ ਜੀ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਵਿਅਕਤ ਕਰਦੇ ਹੋਏ ਦੱਸਿਆ ਕਿ ਇਸ ਕੈਂਪਸ ਵੱਲੋਂ ਇਹ ਅਭਿਆਨ ਲਗਾਤਾਰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਸਬੰਧੀ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਉਪਰੰਤ ਸਹੀ ਫੈਸਲਾ ਲੈਣ ਦੇ ਕਾਬਲ ਬਣ ਸਕਣ। ਡਾ. ਹੁੰਦਲ ਨੇ ਆਪਣੇ ਸੁਨੇਹੇ ਵਿੱਚ ਪ੍ਰਿੰਟ ਅਤੇ ਸੋਸ਼ਲ ਮੀਡੀਆ ਨੂੰ ਆਮ ਲੋਕਾਂ ਤੱਕ, ਸਿਰਫ ਲੋਕ ਹਿਤ ਦੇ ਨਜ਼ਰੀਏ ਤੋੰ ਇਹ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ਼ੋਂ ਮਾਲਵੇ ਦੇ ਖੇਤਰ ਦੇ ਵਿੱਦਿਅਕ ਪਛੜੇਪਣ ਨੂੰ ਮਿਟਾਉਣ ਲਈ ਅਤੇ ਵਿਦਿਆਰਥੀਆਂ ਦੇ ਘਰਾਂ ਦੇ ਨੇੜੇ ਵਿੱਦਿਆ ਪ੍ਰਾਪਤ ਕਰਨ ਦਾ ਇੱਕ ਉੱਚ ਕੋਟੀ ਦਾ ਸਾਧਨ ਪ੍ਰਦਾਨ ਕਰਨ ਲਈ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਆਪਣਾ ਕੈਂਪਸ ਸ਼ੁਰੂ ਕੀਤਾ ਗਿਆ ਸੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਵਚਨਾਂ ਦੇ ਤਰਜ਼ ਸੰਗਤ ਇਸਦਾ ਨਾਮ ਪੰਜਾਬੀ ਯੂਨਿਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾਂ ਸਾਹਿਬ ਰੱਖਿਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਇਸ ਕੈਂਪਸ ਵਿਖੇ ਵੱਖ-ਵੱਖ ਕੋਰਸ ਬਹੁਤ ਹੀ ਜਾਇਜ਼ ਫੀਸ ਦਰਾਂ ਤੇ ਕਰਵਾਏ ਜਾਂਦੇ ਹਨ ਤਾਂ ਜੋ ਪੜ੍ਹਨ ਦੀ ਤਾਂਘ ਰੱਖਣ ਵਾਲਾ ਹਰ ਵਿਦਿਆਰਥੀ ਆਰਥਿਕ ਔਕੜਾਂ ਦੇ ਬਾਵਜੂਦ ਸਿੱਖਿਆ ਪ੍ਰਾਪਤ ਕਰ ਸਕੇ। ਜਾਇਜ਼ ਫੀਸ ਦਰਾਂ ਰੱਖਣ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵੱਲੋਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ (ਬੀ.ਟੈਕ ਅਤੇ ਡਿਪਲੋਮਾ) ਪ੍ਰਾਪਤ ਕਰਨ ਦਾ ਇੱਕ ਆਸਾਨ ਤਰੀਕਾ ਦੇਣ ਲਈ ਗੋਲਡਨ ਹਾਰਟਸ ਸਕਾਲਰਸ਼ਿਪ ਸਕੀਮ ਵੀ ਚਾਲੂ ਕੀਤੀ ਹੋਈ ਹੈ ਤਾਂ ਕਿ ਵਿਦਿਆਰਥੀ ਪਹਿਲਾਂ ਪੜ੍ਹਾਈ ਪੂਰੀ ਕਰਨ ਅਤੇ ਉਸਦੇ ਇੱਕ ਸਾਲ ਲੰਘਣ ਉਪਰੰਤ ਅਗਲੇ ਸਾਲਾਂ ਵਿੱਚ ਬਿਨਾਂ ਕਿਸੇ ਵਿਆਜ ਦੇ ਬਣਦੀ ਰਿਆਇਤੀ ਫੀਸ ਤਿਮਾਹੀ ਕਿਸ਼ਤਾਂ ਰਾਹੀਂ ਭਰ ਸਕਣ। ਸਾਇੰਸ, ਇੰਜਨੀਅਰਿੰਗ, ਐਮਬੀਏ, ਕਾਮਰਸ, ਭਾਸ਼ਾਵਾਂ ਅਤੇ ਸਮਾਜਿਕ ਵਿਗਿਆਨ ਦੇ ਵੱਖ-ਵੱਖ ਉਪਲੱਭਧ ਕਰਵਾ ਰਿਹਾ ਇਹ ਲਗਭੱਗ 80 ਏਕੜ ਵਿੱਚ ਫੈਲਿਆ ਹਰਾ-ਭਰਾ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਮਾਜ ਪ੍ਰਤੀ ਜਿੰਮੇਵਾਰੀ ਦਾ ਇੱਕ ਨਿਰਾਲਾ ਪ੍ਰਤੀਕ ਹੈ।