ਸਾਰਾ ਪਰਿਵਾਰ ਹਸਪਤਾਲ ਵਿੱਚ ਇਕੱਠਾ ਹੋ ਗਿਆ ।ਰੇਖਾ ਨੂੰ ਅੰਦਰ ਗਏ ਕਾਫੀ ਸਮਾਂ ਹੋ ਗਿਆ ਸੀ।ਬਾਹਰ ਸਹੁਰਾ ਪਰਿਵਾਰ ਖੁਸ਼ ਸੀ ਕਿ ਚੈੱਕ ਕਰਵਾਇਆ ਹੋਇਆ ਹੈ ਪੱਕਾ ਪੁੱਤਰ ਹੀ ਹੋਵੇਗਾ ।ਡਾਕਟਰ ਨੇ ਪੂਰਾ ਭਰੋਸਾ ਦਿੱਤਾ ਸੀ।ਪੈਸੇ ਵੀ ਵੱਧ ਲਏ ਸੀ ਕਿ ਕਾਨੂੰਨ ਹੱਥ ਵਿੱਚ ਲੈ ਕੇ ਟੈਸਟ ਕਰਵਾਇਆ ਸੀ।ਪਰ ਰੇਖਾ ਨਾ ਖੁਸ਼ ਸੀ ਤੇ ਨਾ ਹੀ ਚਿੰਤਤ । ਨਵੇਂ ਕੱਪੜਿਆਂ ਵਿੱਚ ਲਿਪਟਿਆਂ ਬੱਚਾ ਫੜਨ ਲਈ ਕਿਸੇ ਨੂੰ ਅੰਦਰ ਬੁਲਾਇਆ ਤਾਂ ਰੇਖਾ ਦੀ ਸੱਸ ਲੱਛਮੀ ਮੂਹਰੇ ਆ ਗਈ ਤੇ ਪੁੱਛਿਆ ,”ਠੀਕ ਨੇ ਦੋਵੇਂ ਜੀ ।” ਨਰਸ ਨੇ ਹਾਂ ਜੀ ਕਿਹਾ ।ਪਰ ਉਸ ਨੇ ਕੋਈ ਸ਼ਗਨ ਲੈਣ ਦੀ ਗੱਲ ਨਾ ਕਰੀ ਤੇ ਚੁੱਪ ਕਰਕੇ ਬੱਚਾ ਫੜਾਉੰਦੇ ਕਿਹਾ ,”ਬਹੁਤ ਪਿਆਰੀ ਹੈ ਜੀ ,ਅੰਗੂਠਾ ਚੁੰਘਦੀ ਸੀ ।ਇਸ ਤਰਾਂ ਦੇ ਬੱਚੇ ਬੜੇ ਘੱਟ ਹੁੰਦੇ ਹਨ ਜੀ ।ਪੂਰੀ ਚੁਸਤ ਹੈ।”ਲੱਛਮੀ ਤਾਂ ਬਰਫ ਦੀ ਤਰਾਂ ਜੰਮ ਗਈ ਸੀ ਇਹ ਸਭ ਸੁਣ ਕੇ,ਕੁਝ ਨਾ ਬੋਲੀ ।ਨਰਸ ਨੂੰ ਪਰੇ ਕਰਕੇ ਕਹਿੰਦੀ ,ਟੈਸਟ ਕਰਵਾਇਆ ਸੀ ,ਉਹ ਤਾਂ ਲੜਕਾ ਦੱਸਦੇ ਸੀ ਕਿਤੇ ਤੁਸੀਂ ਬਦਲ ਤਾਂ ਨਹੀ ਦਿੱਤਾ । ਨਹੀਂ ਮਾਂ ਜੀ ਸਾਡੇ ਹਸਪਤਾਲ ਵਿੱਚ ਇਹ ਕੁਝ ਨਹੀ ਹੁੰਦਾ ।ਕਹਿ ਕੇ ਨਰਸ ਚੱਲੀ ਗਈ ।ਸਭ ਦੇ ਕੋਲ ਆ ਫਿਰ ਕਹਿੰਦੀ,” ਪੱਥਰ ਪੱਲੇ ਪੈ ਗਿਆ ,ਐਨੇ ਪੈਸੇ ਵੀ ਲਾਏ ,ਇਹ ਕੀ ਹੋ ਗਿਆ? ਪਰ ਰੇਖਾ ਆਪਣੀ ਧੀ ਨੂੰ ਦੇਖ ਕੇ ਹੰਝੂ ਕੇਰਦੀ ਸੋਚ ਰਹੀ ਸੀ ਜੇ ਉਸ ਦਿਨ ਡਾਕਟਰ ਨੂੰ ਮਿੰਨਤਾਂ ਕਰਕੇ ਰਿਪੋਰਟ ਬਦਲਣ ਲਈ ਨਾ ਕਹਿੰਦੀ ਤਾਂ ਮੈਂ ਮਾਂ ਦੀ ਥਾਂ ਤੇਰੀ ਕਾਤਿਲ ਹੋਣਾ ਸੀ ਧੀਏ।ਯੁੱਗ -ਯੁੱਗ ਜੀਓ ।”ਸੋਚਾਂ ਦੀ ਲੜੀ ਟੁੱਟ ਗਈ ਜਦੋਂ ਬੇਟੀ ਨੇ ਦਾਦੀ ਨੂੰ ਪੁੱਛਿਆ ਕਿ ਦਾਦੀ ਪੱਥਰ ਕੌਣ ਹੁੰਦਾ ? ਕਿੱਥੇ ਹੈ ਪੱਥਰ? ਕੁੜੀ ਦੇ ਆਉਣ ‘ਤੇ ਕਹਿੰਦੇ ਹੁੰਦੇ ਨੇ ਪੁੱਤ।ਅੱਛਾ ਦਾਦੀ ਮੈਂ ਵੀ ਪੱਥਰ ਹਾਂ ।ਨਹੀਂ ਪੁੱਤ ,ਤੈਨੂੰ ਨਹੀਂ ਕਹਿੰਦੇ।ਅੱਛਾ ਦਾਦੀ ਮੈਂ ਸਮਝ ਗਿਆ ,ਛੋਟੀਆਂ ਕੁੜੀਆਂ ਨੂੰ ਕਹਿੰਦੇ ਹਨ। ਫਿਰ ਤੁਸੀਂ ,ਮੈਂ , ਭੂਆ ਕਿੱਧਰੋਂ ਹੀਰੇ ਹੋਏ। ਛੋਟੀ ਬੇਟੀ ਦੇ ਮੂੰਹੋਂ ਲੱਛਮੀ ਇਹ ਸ਼ਬਦ ਸੁਣ ਕੇ ਚੁੱਪ ਕਰ ਗਈ।
ਮਨਜੀਤ ਕੌਰ ਜੀਤ