You are here

ਕਿਲ੍ਹਾ ਰਾਏਪੁਰ ਖੇਡਾਂ

ਹਰ ਉਮਰ ਵਰਗ ਦੀਆਂ ਖੇਡਾਂ ਹੋ ਨਿੱਬੜੀਆਂ ਪਹਿਲੇ ਦਿਨ ਹੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ
7 ਸਾਲ ਤੋਂ 90 ਸਾਲ ਦੇ ਖਿਡਾਰੀ ਦਿਖਾ ਰਹੇ ਹਨ ਜੌਹਰ
7 ਸਾਲਾ ਗੁੰਜਣ ਤੇ 90 ਸਾਲਾ ਤੇਜਾ ਸਿੰਘ ਫੱਲੇਵਾਲ ਨੇ ਜਿੱਤੇ ਦਿਲ

ਲੁਧਿਆਣਾ 3 ਫਰਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) 83ਵੇਂ ਕਿਲ੍ਹਾ ਰਾਏਪੁਰ ਰੂਰਲ ਸਪੋਰਟਸ ਫੈਸਟੀਵਲ ਦੇ ਪਹਿਲੇ ਦਿਨ ਸੱਤ ਸਾਲ ਤੋਂ 90 ਸਾਲ ਦੇ ਖਿਡਾਰੀਆਂ ਨੇ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।ਇਨ੍ਹਾਂ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ‘ਚ ਜਿੱਥੇ 90 ਸਾਲਾ ਤੇਜਾ ਸਿੰਘ ਨੇ ਹਿੱਸਾ ਲਿਆ ਉੱਥੇ 7 ਸਾਲ ਦੀ ਗੁੰਜਣ ਨੇ ਵੀ ਸ਼ਮੂਲੀਅਤ ਕੀਤੀ। ਤੇਜਾ ਸਿੰਘ ਨੇ ਬਜੁਰਗਾਂ ਦੀ 80 ਸਾਲ ਤੋਂ ਵੱਧ ਉਮਰ ਦੀ 100 ਮੀਟਰ ਦੌੜ ‘ਚ ਦੂਸਰਾ ਸਥਾਨ ਹਾਸਿਲ ਕਰਕੇ ਤਿੰਨ ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਲੁਧਿਆਣਾ ਜਿਲ੍ਹੇ ਨਾਲ ਸਬੰਧਤ ਤੇਜਾ ਸਿੰਘ 1994 ਤੋਂ ਦੌੜਾਂ ‘ਚ ਹਿੱਸਾ ਲੈ ਰਿਹਾ ਹੈ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ। ਉਹ 70 ਤੇ 75 ਸਾਲ ਤੋਂ ਵੱਧ ਉਮਰ ਦੀਆਂ ਦੌੜਾਂ ‘ਚ ਏਸ਼ੀਆ ਰਿਕਾਰਡ ਵੀ ਬਣਾ ਚੁੱਕੇ ਹਨ। ਖੇਤੀਬਾੜੀ ਕਿੱਤੇ ਨਾਲ ਜੁੜੇ ਤੇਜਾ ਸਿੰਘ ਦਾ ਪ੍ਰਣ ਹੈ ਕਿ ਉਹ ਆਖਰੀ ਦਮ ਤੱਕ ਖੇਡਾਂ ‘ਚ ਹਿੱਸਾ ਲੈਂਦਾ ਰਹੇਗਾ।
ਕਿਲ੍ਹਾ ਰਾਏਪੁਰ ਖੇਡਾਂ ਦੇ 1500 ਦੌੜਾਂ ਮੁਕਾਬਲੇ ‘ਚ ਕਰਨਾਲ ਦੀ ਗੁੰਜਣ ਨੇ ਹਿੱਸਾ ਲਿਆ।ਪਵਨ ਕੁਮਾਰ ਪਹਿਲਵਾਨ ਦੀ ਸਪੁੱਤਰੀ ਗੁੰਜਣ ਆਪਣੇ ਚਾਚਾ ਨੀਰਜ ਤੋਂ ਸਿਖਲਾਈ ਲੈ ਰਹੀ ਹੈ। ਉਹ ਪਿਛਲੇ ਦੋ ਸਾਲਾਂ ਤੋਂ ਖੇਡਾਂ ‘ਚ ਹਿੱਸਾ ਲੈ ਰਹੀ ਹੈ ਅਤੇ ਇੱਕ ਸਾਲ ਤੋਂ ਮੁਕਾਬਲੇਬਾਜ਼ੀ ‘ ਹਿੱਸਾ ਲੈ ਰਹੀ ਹੈ। ਗੁੰਜਣ ਆਪਣੇ ਉਮਰ ਵਰਗ ਦੇ ਮੁਕਾਬਲਿਆਂ ‘ਚ 12 ਕਿਲੋਮੀਟਰ ਤੱਕ ਦੀਆਂ ਦੌੜਾਂ ਜਿੱਤ ਚੁੱਕੀ ਹੈ। ਗੁੰਜਣ ਇੰਨ੍ਹਾਂ ਖੇਡਾਂ ‘ਚ ਭਾਵੇਂ ਤਗਮਾ ਨਹੀਂ ਜਿੱਤ ਸਕੀ ਪਰ ਉਸ ਵੱਲੋਂ ਦੌੜ ਪੂਰੀ ਕਰਕੇ ਦਰਸ਼ਕਾਂ ਦੀ ਵਾਹ ਵਾਹ ਤੇ ਉਤਸ਼ਾਹੀ ਇਨਾਮ ਜਰੂਰ ਜਿੱਤਣ ਦਾ ਮਾਣ ਪ੍ਰਾਪਤ ਕੀਤਾ।
ਤਸਵੀਰ- ਗੁੰਜਣ ਤੇ ਤੇਜਾ ਸਿੰਘ