ਭਾਰਤ ਦੇਸ਼ ਵਿੱਚ ਕੁਝ ਕੁ ਸ਼ਾਤਿਰ ਲੋਕਾਂ ਵਲੋਂ ਨਫ਼ਰਤ ਦੇ ਅਧਾਰ ਤੇ ਬਣਾਈ ਗਈ ਜ਼ਾਤੀ ਵਿਵਸਥਾ ਦੇ ਕਲੰਕ ਨੂੰ ਮਿਟਾਉਣ ਲਈ ਦੇਸ਼ ਦੇ ਇਤਿਹਾਸ ਵਿੱਚ ਆਪਣੇ ਆਪਣੇ ਸਮਿਆਂ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਹੈ ਜਿਨ੍ਹਾਂ ਵਿੱਚੋ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਜਾਤਾਂ ਪਾਤਾਂ ਦੇ ਵਿਤਕਰੇ ਅਤੇ ਅਨਿਆਂ ਦੇ ਦੌਰ ਵਿੱਚ ਇਸ ਮਹਾਨ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਨੇ 1450 ਇਸ ਅਛੂਤ ਵਰਗ ਵਿੱਚ ਜਨਮ ਲਿਆ ਉਹ ਆਪਣੀ ਜਾਤੀ ਬਾਰੇ ਡੰਕੇ ਦੀ ਚੋਟ ਨਾਲ ਆਖਦੇ ਕਿ
"ਮੇਰੀ ਜਾਤਿ ਕੁਟ ਬਾਂਢਲਾ
ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
ਭਾਵ ਮੇਰੀ ਜਾਤੀ ਦੇ ਲੋਕ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂ ਚੁੱਕਦੇ ਹਨ ਤੇ ਉਨ੍ਹਾਂ ਦੇ ਚੰਮ ਨੂੰ ਨਿੱਤ ਕੁੱਟਣ-ਵੱਢਣ ਦਾ ਕੰਮ ਕਰਦੇ ਹਨ।
ਆਮ ਲੋਕਾਂ ਦੀ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀ ਬਾਣੀ ਵਿਚ ਕ੍ਰਾਂਤੀਕਾਰੀ ਜਜ਼ਬਾ ਭਰਿਆ ਪਿਆ ਹੈ। ਗੇਲ ਓਮਵੇਟ ਦੇ ਸ਼ਬਦਾਂ ਵਿਚ ਉਨ੍ਹਾਂ ਦੀ ਬਾਣੀ ‘ਸ਼ੋਸ਼ਣਕਾਰੀਆਂ, ਹਾਕਮਾਂ ਅਤੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਅੱਤਿਆਚਾਰ ਖਿ਼ਲਾਫ਼ ਲੜਾਈ ਅਤੇ ਬਿਹਤਰ ਸੰਸਾਰ ਦੀ ਆਸ ਦਾ ਸੁਨੇਹਾ ਹੈ’।
ਸਮਾਜ ਅੰਦਰ ਸਭ ਤੋਂ ਲਤਾੜੇ ਅਛੂਤ ਵਰਗ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸ਼੍ਰੋਮਣੀ ਇਨਕਲਾਬੀ ਵਿਚਾਰਧਾਰਾ ਦੇ ਮਾਲਕ ਸ੍ਰੀ ਗੁਰੂ ਰਵਿਦਾਸ ਜੀ ਤਾਂ ਉੱਚੀ ਆਵਾਜ਼ ਵਿੱਚ ਆਖਦੇ ਸਨ ਕਿ
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥
ਦੇਸ਼ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਸਰਮਾਏਦਾਰੀ ਨਿਜ਼ਾਮ ਅੰਦਰ ਹਮੇਸ਼ਾ ਹੀ ਸ਼ੈਤਾਨ ਅਤੇ ਸਵਾਰਥੀ ਲੋਕਾਂ ਨੇ ਗ਼ਰੀਬ ਜਨਤਾ ਨੂੰ ਗੁਲਾਮ ਬਣਾ ਕੇ ਰੱਖਿਆ ਹੈ। ਇਨ੍ਹਾਂ ਨੇ ਹਮੇਸ਼ਾ ਨਾਦਰਸ਼ਾਹੀ ਹੁਕਮ ਚਲਾਕੇ ਆਪਣੇ ਸਵਾਰਥ ਅਤੇ ਸੁੱਖਾਂ ਲਈ ਝੂਠ ਬੇਈਮਾਨੀ ਭ੍ਰਿਸ਼ਟਾਚਾਰ ਪਾਪ ਅਤੇ ਜ਼ੁਲਮਾਂ ਦੇ ਹੱਦਾਂ ਬੰਨ੍ਹੇ ਟੱਪ ਜਾਤ ਪਾਤ ਦੇ ਨਾਂ ਤੇ ਵੰਡੀਆਂ ਪਾ ਕੇ ਅਤੇ ਕੌਮਾਂ ਧਰਮਾਂ ਤੇ ਮਜ਼੍ਹਬਾਂ ਵਿੱਚ ਉਲਝਾ ਕੇ ਭ੍ਰਿਸ਼ਟ ਨਿਜ਼ਾਮ ਦੀ ਉਮਰ ਲੰਬੀ ਕੀਤੀ ਹੈ। ਦੇਸ਼ ਨੂੰ ਮਨੂ ਸਮਰਿਤੀ ਅਨੁਸਾਰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ ਇਸ ਸਮਾਜਿਕ ਵੰਡ ਨੂੰ ਧਾਰਮਿਕ ਪ੍ਰਮਾਣਕਤਾ ਦਿੱਤੀ ਗਈ ਜਿਸ ਤੇ ਬੜੇ ਕਠੋਰ ਨਿਯਮ ਸਨ ਬ੍ਰਾਹਮਣ ਖੱਤਰੀ ਅਤੇ ਵੈਸ਼ ਮਨੂੰ ਸਿਮਰਤੀ ਅਨੁਸਾਰ ਉਪਰਲੇ ਤਿੰਨ ਵਰਗ ਸਨ ਚੌਥਾ ਵਰਗ ਸੀ ਸ਼ੂਦਰ ਤਿੰਨੇ ਵਰਗ ਮਿਲ ਕੇ ਚੌਥੇ ਵਰਗ ਨੂੰ ਬਹੁਤ ਹੀ ਨੀਵਾਂ ਸਮਝਦੇ ਸਨ ਬਲਕਿ ਉਸ ਵਰਗ ਨੂੰ ਅਛੂਤ ਕਿਹਾ ਜਾਂਦਾ ਰਿਹਾ ਹੈ । ਕੁਦਰਤ ਨੇ ਸਿਰਫ ਮਨੁੱਖ ਜਾਤੀ ਦੀ ਸਿਰਜਣਾ ਕੀਤੀ ਹੈ ਅਤੇ ਸ਼ਕਲ ਸੂਰਤ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਸਭ ਨੂੰ ਦੋ ਕੰਨ, ਦੋ ਅੱਖਾਂ,ਦੋ ਲੱਤਾਂ, ਲਾਲ ਰੰਗ ਦੇ ਖੂਨ ਨਾਲ ਨਿਵਾਜਿਆ ਗਿਆ ਹੈ ਪ੍ਰੰਤੂ ਸਾਡੇ ਮੁਲਕ ਵਿੱਚ ਜਨਮ ਤੋਂ ਹੀ ਸਮਾਜਿਕ ਅਤੇ ਧਾਰਮਿਕ ਅਨਿਆਂ ਕਾਰਨ ਕਿਸੇ ਤੇ ਕੋਈ ਨਾ ਕੋਈ ਜਾਤੀ ਦੀ ਮੋਹਰ ਲੱਗ ਜਾਂਦੀ ਹੈ ਅਤੇ ਇਹ ਮੋਹਰ ਇਨਸਾਨ ਦੇ ਮਰਨ ਤੋਂ ਬਾਅਦ ਵੀ ਨਹੀਂ ਮਿਟਦੀ। ਜਦੋਂ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ ਉਦੋਂ ਵੀ ਜ਼ਾਤੀ ਅਤੇ ਧਰਮ ਦੇ ਅਧਾਰ ਤੇ ਨਫ਼ਰਤ ਅਤੇ ਭੇਦਭਾਵ ਜ਼ੋਰਾਂ ਤੇ ਸੀ। ਇਥੋ ਤੱਕ ਕਿ ਸ਼ੂਦਰ ਲੋਕ ਜਿਨ੍ਹਾਂ ਨੂੰ ਅਛੂਤ ਵੀ ਕਿਹਾ ਜਾਂਦਾ ਸੀ ਨੂੰ ਪੜਨ ਲਿਖਣ ਅਤੇ ਬੋਲਣ ਤੱਕ ਦਾ ਵੀ ਅਧਿਕਾਰ ਨਹੀਂ ਸੀ। ਸ਼ੂਦਰ ਲੋਕਾਂ ਦੀ ਤੁਲਣਾ ਪਸ਼ੁਆਂ ਨਾਲ ਕੀਤੀ ਜਾਂਦੀ ਸੀ ਉਸ ਸਮੇਂ ਗੁਰੂ ਰਵਿਦਾਸ ਜੀ ਨੇ ਅਪਣੇ ਢੰਗ ਨਾਲ ਇਸਦਾ ਵਿਰੋਧ ਕੀਤਾ ਉਨ੍ਹਾਂ ਤੋਂ ਬਾਅਦ ਵੀ ਜ਼ਾਤੀ ਵਿਵਸਥਾ ਖ਼ਿਲਾਫ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਜਿਨ੍ਹਾਂ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਵੀ ਨਾਂ ਆਉਂਦਾ ਹੈ ਜੋ ਆਪਣੀ ਮਿਹਨਤ ਸਦਕਾ ਇਸ ਵਰਗ ਨੂੰ ਕਾਫੀ ਹੱਦ ਤੱਕ ਰਾਹਤ ਦਿਵਾਉਣ ਵਿੱਚ ਕਾਮਯਾਬ ਹੋਏ।
ਹਰ ਸਾਲ ਅਸੀਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਉਨ੍ਹਾਂ ਦੀ ਮੂਰਤੀ ਤੇ ਫੁੱਲ ਚੜਾ ਕੇ ਅਤੇ ਪੁਜਾ ਕਰਕੇ ਸੁਰਖ਼ਰੂ ਹੋ ਜਾਂਦੇ ਹਾਂ ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਵਿੱਚੋ ਜ਼ਾਤੀ ਵਿਵਸਥਾ ਖਤਮ ਹੋਵੇ ਅਤੇ ਸਾਰੇ ਹੀ ਮਨੁੱਖ ਜਾਤੀ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਨ ਪਰ ਅਫਸੋਸ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਇਹ ਸੁਪਨਾ ਅਜੇ ਅਧੂਰਾ ਹੈ। ਅਜੇ ਵੀ ਸਾਡੇ ਦੇਸ਼ ਅਤੇ ਸਮਾਜ ਵਿੱਚ ਜਾਤੀਵਾਦ ਦੇ ਨਾਂ ਤੇ ਭੇਦਭਾਵ, ਨਫ਼ਰਤ ਫਿਰਕਾਪ੍ਰਸਤੀ ਅਤੇ ਨਾ ਬਰਾਬਰੀ ਦਾ ਬੋਲਬਾਲਾ ਹੈ। ਚੰਗਾ ਹੋਵੇਗਾ ਅਗਰ ਉਨ੍ਹਾਂ ਦੇ ਜਨਮ ਦਿਨ ਤੇ ਮੂਰਤੀ ਪੂਜਾ ਅਤੇ ਪਖੰਡ ਬਾਜ਼ੀ ਛੱਡ ਕੇ ਉਨ੍ਹਾਂ ਦੇ ਵਿਚਾਰਾ ਤੇ ਚਰਚਾ ਕੀਤੀ ਜਾਵੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਨੇਰੀ ਬਸਤੀਆਂ ਵਿੱਚ ਸਿਖਿਆ ਦੇ ਚਾਨਣ ਲਈ ਸੈਮੀਨਾਰ, ਕੈਂਪ ਅਤੇ ਬੱਚਿਆਂ ਨੂੰ ਸਿੱਖਿਆ ਸਬੰਧੀ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਕਰਵਾਏ ਜਾਣ।
ਸਰਕਾਰਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਤਰਜ਼ ਤੇ ਜ਼ਾਤੀ ਵਿਵਸਥਾ ਉਤੇ ਬਹਿਸ ਕਰਵਾਉਣ ਅਤੇ ਜ਼ਾਤੀ ਅਧਾਰਿਤ ਨਫ਼ਰਤ, ਨਾ ਬਰਾਬਰੀ ਜਿਹੇ ਕਲੰਕ ਨੂੰ ਧੋਣ ਲਈ ਯਤਨ ਸ਼ੀਲ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਦੇ ਹੱਕਦਾਰ ਹੋਵਾਂਗੇ।
ਇੰਜ.ਕੁਲਦੀਪ ਸਿੰਘ ਰਾਮਨਗਰ
9417990040