24 ਦਿਨਾਂ ਦੀ ਲੁਕਣ ਮਿਟੀ ਤੋ ਬਾਦ ਇਕ ਸ਼ੂਟਰ ਜਗਰਾਓਂ ਪੁਲਿਸ ਦੀ ਗਿਰਫ਼ਤ ਵਿਚ
ਜਗਰਾਓਂ , 30 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪਿੰਡ ਬਾਰਦੇਕੇ ’ਚ ਦਿਨ ਦਿਹਾੜੇ ਘਰ ’ਚ ਦਾਖ਼ਲ ਹੋ ਕੇ ਕੈਨੇਡਾ ਬੈਠੇ ਅੱਤਵਾਦੀ ਅਰਸ਼ ਡਾਲਾ ਦੇ ਇਸ਼ਾਰੇ ’ਤੇ ਇਲੈਕਟ੍ਰੀਸ਼ਨ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ 3 ਸ਼ੂਟਰਾਂ ’ਚੋਂ ਜਗਰਾਓਂ ਪੁਲਿਸ ਨੇ ਇਕ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ। 24 ਦਿਨ ਦੀ ਲੁਕਣਮੀਚੀ ਤੋਂ ਬਾਅਦ ਆਖ਼ਰਕਾਰ ਜਗਰਾਓਂ ਪੁਲਿਸ ਹੱਥ ਅਭਿਨਵ ਉਰਫ ਅਭਿ ਵਾਸੀ ਤਹਿਸੀਲਪੁਰਾ (ਅੰਮ੍ਰਿਤਸਰ) ਲੱਗ ਗਿਆ। ਇਸ ਦੇ ਫ਼ਰਾਰ ਦੋ ਹੋਰ ਸ਼ੂਟਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਹਨ। ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸ਼ੂਟਰਾਂ ਅਭਿਨਵ ਉਰਫ ਅਭਿ ਸਮੇਤ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਬੀਤੀ 4 ਜਨਵਰੀ ਘਟਨਾ ਵਾਲੇ ਦਿਨ ਤੋਂ ਹੀ ਭਾਲ ਵਿਚ ਲੱਗੀ ਹੋਈ ਸੀ। ਜਗਰਾਓਂ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹੱਥ ਲੱਗੀ ਜਦੋਂ ਸਿੱਧਵਾਂ ਬੇਟ ਰੋਡ ਬਿਜਲੀ ਘਰ ਨੇੜਿਓਂ ਅਭਿਨਵ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਜਗਰਾਓਂ ਇਲਾਕੇ ’ਚ ਦੱਬਿਆ ਆਪਣਾ ਪਿਸਤੌਲ ਕੱਢਣ ਆ ਰਿਹਾ ਸੀ। ਪੁੱਛਗਿੱਛ ਦੌਰਾਨ ਸ਼ੂਟਰ ਅਭਿਨਵ ਨੇ 32 ਬੋਰ ਪਿਸਤੌਲ ਦੱਬੇ ਹੋਣ ਦਾ ਖੁਲਾਸਾ ਕੀਤਾ, ਜਿਸ ’ਤੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਦਰ ਜਗਰਾਓਂ ਦੇ ਮੁਖੀ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ੂਟਰ ਅਭਿਨਵ ਦੀ ਨਿਸ਼ਾਨਦੇਹੀ ’ਤੇ ਖੰਡਰ ਬਣੇ ਅਖਾੜਾ ਨਹਿਰ ਰੈਸਟ ਹਾਊਸ ਦੇ ਕਮਰਿਆਂ ’ਚ ਦੱਬਿਆ ਪਿਸਤੌਲ ਬਰਾਮਦ ਕਰਵਾਇਆ। ਇਸ ਮਾਮਲੇ ’ਚ ਹੁਣ ਉਸ ਦੇ 2 ਹੋਰ ਸ਼ੂਟਰ ਸਾਥੀਆਂ ਤੇਜਵੀਰ ਸਿੰਘ ਤੇ ਇਕ ਹੋਰ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਭਿਨਵ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ 2 ਫਰਵਰੀ ਤਕ ਪੁਲਿਸ ਰਿਮਾਂਡ ਹਾਸਲ ਕਰ ਲਿਆ।