ਅੰਮ੍ਰਿਤਸਰ, 25 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬੀ ਭਾਸ਼ਾ ਸਬੰਧੀ ਅਸਟ੍ਰੇਲੀਆਂ ਦੇਸ਼ ਦੇ ਪ੍ਰੀ-ਪ੍ਰਾਇਮਰੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਪੜਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੱਛਮੀ ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਵੇਗੀ ਬਾਰੇ ਚੰਗਾ ਫੈਸਲਾ ਹੈ। ਉਥੇ 2021 ਦੀ ਮਰਦਮਸ਼ੁਮਾਰੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਹ ਗਿਣਤੀ 2,39,000 ਸੀ।ਏਸੇ ਨਾਲ ਤਾਮਿਲ, ਹਿੰਦੀ ਅਤੇ ਕੋਰੀਅਨ ਭਾਸ਼ਾਵਾਂ ਨੂੰ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਪੰਜਾਬੀ ਨੂੰ ਕੀਤਾ ਜਾਵੇਗਾ। ਆਸਟਰੇਲੀਅਨ ਸਰਕਾਰ ਅਨੁਸਾਰ ਦੇਸ਼ ਵਿਚ 190 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੈਨੇਡਾ ਵਿਚ ਪੰਜਾਬੀ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਓਂਟਾਰੀਓ ਤੇ ਕਈ ਹੋਰ ਖੇਤਰਾਂ ਦੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿਸੇ ਵੀ ਭੂਗੋਲਿਕ ਖਿੱਤੇ ਦੇ ਲੋਕ ਉਸ ਖ਼ਿੱਤੇ ਨਾਲ ਕਈ ਤਰੀਕਿਆਂ ਅਤੇ ਪ੍ਰਕਿਰਿਆਵਾਂ ਰਾਹੀਂ ਜੁੜੇ ਹੁੰਦੇ ਹਨ; ਇਨ੍ਹਾਂ ਵਿਚੋਂ ਭਾਸ਼ਾ ਪ੍ਰਮੁੱਖ ਹੈ। ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ ਤੇ ਕਈ ਹੋਰ ਦੇਸ਼ਾਂ ਵਿਚ ਵੀ ਵਸਦਾ ਹੈ। ਪਰਵਾਸ ਕਰਦੇ ਪੰਜਾਬੀ ਆਪਣੇ ਸਭਿਆਚਾਰ ਤੇ ਭੋਇੰ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਪਰਵਾਸ ਵਿਚ ਉਨ੍ਹਾਂ ਨੂੰ ਵੱਖਰੀ ਜੀਵਨ-ਜਾਚ ਅਪਣਾਉਣੀ ਪੈਂਦੀ ਹੈ ਪਰ ਨਾਲ ਨਾਲ ਉਨ੍ਹਾਂ ਦੇ ਮਨਾਂ ਵਿਚ ਪੰਜਾਬ ਅਤੇ ਪੰਜਾਬੀ ਪ੍ਰਤੀ ਪਿਆਰ ਵੀ ਪਨਪਦਾ ਰਹਿੰਦਾ ਹੈ। ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਪੰਜਾਬੀ ਪੜ੍ਹਾਉਣ ਦੇ ਪ੍ਰਬੰਧ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਹਿੰਮਤ ਸਦਕਾ ਹੀ ਸੰਭਵ ਹੋਏ ਹਨ। ਉਨ੍ਹਾਂ ਕਿਹਾ ਵੱਖ ਵੱਖ ਅਨੁਮਾਨ ਤੇ ਮਾਹਿਰ ਸਾਰੀ ਦੁਨੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 10ਵੇਂ ਤੇ 12ਵੇਂ ਦਰਜੇ ਵਿਚਕਾਰ ਰੱਖਦੇ ਹਨ। ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲਹਿੰਦੇ ਪੰਜਾਬ ਵਿਚ ਰਹਿੰਦੇ ਹਨ ਪਰ ਦੁਖਾਂਤ ਇਹ ਹੈ ਕਿ ਉੱਥੇ ਪੰਜਾਬੀ ਨੂੰ ਨਾ ਤਾਂ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਨਾ ਹੀ ਬੱਚਿਆਂ ਦੀ ਮੁੱਢਲੀ ਪੜ੍ਹਾਈ ਪੰਜਾਬੀ ਵਿਚ ਕਰਵਾਈ ਜਾਂਦੀ ਹੈ। ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਪੰਜਾਬੀ ਸਦੀਆਂ ਤੋਂ ਜਿਊਂਦੀ ਆਈ ਹੈ ਅਤੇ ਪੰਜਾਬੀਆਂ ਦੇ ਮਨੋਭਾਵਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣੀ ਹੈ। ਪੱਛਮੀ ਆਸਟਰੇਲੀਆ ਦੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਖ਼ਬਰ ਸਵਾਗਤਯੋਗ ਹੈ।