You are here

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਸਰਦਾਰ ਸੇਵਾ ਸਿੰਘ ਦਾ ਜਨਮ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਸਰਦਾਰ ਦੇਵਾ ਸਿੰਘ ਦੇ ਘਰ ਹੋਇਆ। ਸੇਵਾ ਸਿੰਘ ਦੇ ਜਨਮ ਸਾਲ ਸੰਬੰਧਿਤ ਵੱਖੋ-ਵੱਖ ਜਾਣਕਾਰੀ ਮਿਲਦੀ ਹੈ। ਕੁੱਝ ਵਿਦਵਾਨ ਜਨਮ ਸਾਲ 1878 ਤੇ ਕੁੱਝ ਹੋਰ ਵਿਦਵਾਨ ਜਨਮ ਸਾਲ 1886 ਵੀ ਦੱਸਦੇ ਹਨ।

ਪਰ ਸਰਦਾਰ ਬਸੰਤ ਸਿੰਘ ਜੋ ਉਹਨਾਂ ਦੇ ਸਮਕਾਲੀ ਰਹੇ ਉਹ ਜਨਮ ਸਾਲ 1882 ਦੱਸਦੇ ਹਨ। ਸੇਵਾ ਸਿੰਘ ਠੀਕਰੀਵਾਲਾ ਦੇ 3 ਭਰਾ ਸਰਦਾਰ ਗੁਰਬਖਸ਼ ਸਿੰਘ, ਸਰਦਾਰ ਨੱਥਾ ਸਿੰਘ, ਸਰਦਾਰ ਮੇਵਾ ਸਿੰਘ ਸਨ। ਇੱਕ ਨਿੱਕੀ ਭੈਣ ਗੁਰਬਖਸ਼ ਕੌਰ ਸੀ। ਆਪ ਜੀ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਪਟਿਆਲਾ ਦੇ ਉੱਘੇ ਅਹਿਲਕਾਰ ਸਨ। 

ਆਪ ਜੀ ਨੇ ਆਪਣੇ ਬਚਪਨ ਦਾ ਵਧੇਰੇ ਸਮਾਂ ਪਟਿਆਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ। ਪਟਿਆਲਾ ਦੇ ਮਾਡਲ ਸਕੂਲ ਵਿੱਚੋਂ (ਉਸ ਵੇਲੇ ਇਹ ਸਕੂਲ ਮਹਿੰਦਰਾ ਕਾਲਜ ਦੇ ਇੱਕ ਬਲਾਕ ਵਿੱਚ ਹੁੰਦਾ ਸੀ।) ਅੱਠਵੀਂ ਜਮਾਤ ਪਾਸ ਕਰਨ ਉਪਰੰਤ ਆਪ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਸਰਦਾਰ ਸੇਵਾ ਸਿੰਘ ਨੇ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਐਨ ਵੀ ਵੱਖਰੇ ਤੌਰ ਤੇ ਕੀਤਾ।

ਆਪ ਜੀ ਨੇ ਕੁਝ ਸਮਾਂ ਸਿਹਤ ਵਿਭਾਗ ਵਿੱਚ ਵੀ ਕੰਮ ਕੀਤਾ। ਆਪ ਜੀ ਨੇ ਬਰਨਾਲੇ ਵਿਖੇ ਵੀ ਪਲੇਗ ਅਫ਼ਸਰ ਦੇ ਤੌਰ 'ਤੇ ਕੁੱਝ ਸਮਾਂ ਸੇਵਾਵਾਂ ਨਿਭਾਈਆਂ। ਭਾਈ ਅਰਜਨ ਸਿੰਘ ਗ੍ਰੰਥੀ, ਭਾਈ ਰਤਨ ਸਿੰਘ ਜੈਦ, ਭਾਈ ਨਰੈਣ ਸਿੰਘ, ਤੇ ਭਾਈ ਭਾਨ ਸਿੰਘ ਜਿਹੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਆਪਣੀ ਜ਼ਿੰਦਗੀ ਆਪ ਜੀ ਨੇ ਕਬੂਲਿਆ। 

ਪਿਤਾ ਜੀ ਦੀ ਮੌਤ ਤੋਂ ਬਾਅਦ ਆਪ ਜੀ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ। ਗੁਰਬਖਸ਼ ਸਿੰਘ ਪਟਿਆਲੇ ਵਾਲਿਆਂ ਨੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਅੰਦਰ 'ਸਿੰਘ ਸਭਾ' ਦਾ ਪਿਆਰ ਭਰਿਆ।

ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਹੀ ਸੇਵਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਮਿੱਥ ਲਿਆ। ਆਪ ਜੀ ਨੇ ਸਮਾਜ ਵਿੱਚ ਵਧ ਰਹੇ ਨਸ਼ੇ,ਵਿਆਹਾਂ-ਸ਼ਾਦੀਆਂ ਸਮੇਂ ਹੋ ਰਹੇ ਫਜ਼ੂਲ-ਖਰਚੇ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ।

26 ਜੂਨ 1917 ਨੂੰ ਆਪ ਜੀ ਨੇ ਜਰਨਲ ਬਖਸ਼ੀਸ਼ ਸਿੰਘ ਪਟਿਆਲਾ, ਹਰਚੰਦ ਸਿੰਘ ਰਈਸ ਭਦੌੜ, ਰਣਬੀਰ ਸਿੰਘ ਜੱਜ ਬਰਨਾਲਾ, ਕਰਨਲ ਨਰੈਣ ਸਿੰਘ ਪਟਿਆਲਾ ਅਤੇ ਬਸੰਤ ਸਿੰਘ ਠੀਕਰੀਵਾਲਾ ਨਾਲ ਮਿਲਕੇ ਠੀਕਰੀਵਾਲਾ ਪਿੰਡ ਵਿੱਚ ਨਵਾਬ ਕਪੂਰ ਸਿੰਘ ਦੇ ਪੜਾਅ ਸਥਾਨ ’ਤੇ ਇੱਕ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਸੰਤ ਗੁਰਬਖਸ਼ ਸਿੰਘ ਪਟਿਆਲਾ ਤੋਂ ਰਖਵਾਇਆ,ਜੋ ਕਿ ਸਤੰਬਰ 1920 ਵਿੱਚ ਇਹ ਇਮਾਰਤ ਮੁਕੰਮਲ ਹੋਈ। ਬਾਅਦ ਵਿੱਚ ਇਹ ਗੁਰਦੁਆਰਾ ਸਰਦਾਰ ਸੇਵਾ ਸਿੰਘ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ।

ਇਸੇ ਸਮੇਂ ਦੌਰਾਨ ਹੀ ਆਪ ਜੀ ਨੇ ਪਿੰਡ ਵਿੱਚ ਸਿੱਖਿਆ ਦੀ ਜੋਤ ਜਗਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਜਮਾਤਾਂ ਦਾ ਵੀ ਪ੍ਰਬੰਧ ਕੀਤਾ।

1919 ਦੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਨਾਲ ਆਪ ਜੀ ਦੀ ਰੂਹ ਕੁਰਲਾ ਉੱਠੀ। ਉਸ ਸਮੇਂ ਆਪ ਜੀ ਨੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਪੰਜ ਅਖੰਡ-ਪਾਠ ਵੀ ਕਰਵਾਏ।

1921 ਨੂੰ ਜਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਆਪ ਆਪਣੇ ਵੱਲੋਂ ਸਿੰਘਾਂ ਦਾ ਜਥਾ ਲੈ ਕੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਵਜੋਂ ਸ਼ਹੀਦੀ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। 

1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 

1923 ਵਿੱਚ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਅੰਗਰੇਜ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਜਥੇਬੰਦੀਆਂ ਐਲਾਨ ਕੇ ਜਥੇਬੰਦੀਆਂ ਦੇ ਮੁਖੀਆਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸੇ ਲੜੀ ਤਹਿਤ ਸਰਦਾਰ ਸੇਵਾ ਸਿੰਘ ਨੂੰ ਮੁਕਤਸਰ ਸਾਹਬ ਦੇ ਗੁਰਦੁਆਰਾ ਸਾਹਿਬ ਤੋਂ ਗਿਰਫਤਾਰ ਕਰ ਲਿਆ ਗਿਆ। ਲਗਭਗ 3 ਸਾਲ ਤੱਕ ਆਪ ਲਾਹੌਰ ਜੇਲ ਵਿੱਚ ਨਜ਼ਰਬੰਦ ਰਹੇ।

1926 ਨੂੰ ਤਿੰਨ ਸਾਲ ਬਾਅਦ ਜਦੋਂ ਆਪ ਜੇਲ ਤੋਂ ਰਿਹਾਅ ਹੋਏ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਗੜਵੀ ਚੋਰੀ ਦਾ ਹਾਸੋਹੀਣਾ ਝੂਠਾ ਦੋਸ਼ ਲਾ ਕੇ ਮੁੜ ਗਿਰਫਤਾਰ ਕਰ ਲਿਆ। ਪਰ ਉਸੇ ਹੀ ਡੇਰੇ ਦੇ ਮਹੰਤ ਰਘਬੀਰ ਸਿੰਘ ਦੇ ਸੱਚਾਈ ਬਿਆਨ ਕਰਨ ਤੇ ਕਿ ਕੋਈ ਚੋਰੀ ਨਹੀ ਹੋਈ ਹੈ ਤੇ ਮੁਕੱਦਮਾ ਤਾਂ ਖਾਰਜ ਹੋ ਗਿਆ, ਪਰ ਅੰਗਰੇਜ ਹਕੂਮਤ ਦੀ ਬਦਨੀਤੀ ਕਾਰਨ ਬਿਨ੍ਹਾਂ ਕਿਸੇ ਦੋਸ਼ ਦੇ ਤਿੰਨ ਸਾਲ ਹੋਰ 1929 ਤੱਕ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ। ਇਸੇ ਦੌਰਾਨ ਹੀ ਸੇਵਾ ਸਿੰਘ ਠੀਕਰੀਵਾਲਾ ਦੇ ਜੇਲ੍ਹ ਵਿੱਚ ਹੁੰਦਿਆਂ ਹੀ ਪਰਜਾ ਮੰਡਲ ਦੀ ਨੀਂਹ ਫਰਵਰੀ 1928 ਵਿੱਚ ਪਿੰਡ ਸੇਖਾ (ਬਰਨਾਲਾ) 'ਚ ਰੱਖੀ ਗਈ। ਬਖਸ਼ੀਸ਼ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਤੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਪਰਜਾ ਮੰਡਲ ਦੇ ਪਹਿਲੇ ਪ੍ਰਧਾਨ ਥਾਪਿਆ ਗਿਆ। 1931 ਵਿੱਚ ਜੀਂਦ ਅਤੇ 1932 ਵਿੱਚ ਮਲੇਰਕੋਟਲੇ ਜਦ ਕਿਸਾਨਾਂ ਵੱਲੋਂ ਅੰਦੋਲਨ ਹੋਇਆ ਤਾਂ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਤੇ ਪੰਥ ‘ਤੇ ਹੋ ਰਹੇ ਹਮਲਿਆਂ ਨੂੰ ਨਸ਼ਰ ਕਰਨ ਲਈ ‘ਕੌਮੀ ਦਰਦ’ ਨਾਂਅ ਦਾ ਅਖ਼ਬਾਰ ਵੀ ਕੱਢਿਆ। ਜਿਸ ਨੂੰ ਪੰਜਾਬ ਦੀ ਜਨਤਾ ਵੱਲੋਂ ਚੰਗਾ ਹਾਂ-ਪੱਖੀ ਹੁੰਗਾਰਾ ਪ੍ਰਾਪਤ ਹੋਇਆ

ਇਸ ਤੋਂ ਇਲਾਵਾ 13 ਜਨਵਰੀ 1933 ਨੂੰ ਸੇਵਾ ਸਿੰਘ ਠੀਕਰੀਵਾਲਾ ਨੇ 'ਦੇਸ਼-ਦਰਦੀ' ਸਪਤਾਹਿਕ ਅਖਬਾਰ ਦਾ ਪਹਿਲਾ ਪਰਚਾ ਵੀ ਕੱਢਿਆ।

ਪਰਜਾ ਮੰਡਲ ਦੇ ਹੋਏ ਕਾਰਜਾਂ ਦੀ ਗੱਲ ਕਰਦਿਆਂ ਰਿਆਸਤੀ ਪਰਜਾ ਮੰਡਲ ਦੀਆਂ ਹੋਈਆਂ ਮਹੱਤਵਪੂਰਨ ਕਾਨਫਰੰਸਾਂ ਬਾਰੇ ਜਾਣਨਾ ਸਾਡੇ ਲਈ ਇੱਥੇ ਹੋਰ ਵੀ ਜ਼ਰੂਰੀ ਹੈ।

ਰਿਆਸਤੀ ਪਰਜਾ ਮੰਡਲ ਦੀ ਪਹਿਲੀ ਕਾਨਫਰੰਸ ਦਸੰਬਰ 1929 ਵਿੱਚ ਲਾਹੌਰ ਦੇ ਬਰੈਡਲਾ ਹਾਲ ਵਿੱਚ ਹੋਈ ਸੀ, ਜਿਸ ਵਿੱਚ ਸੇਵਾ ਸਿੰਘ ਠੀਕਰੀਵਾਲਾ ਨੇ ਹਿੱਸਾ ਲਿਆ। ਇਸ ਵਿਚ ਜਿੱਥੇ ਜਨਤਾ ਦੀ ਮੰਦੀ ਹਾਲਤ ਸਬੰਧੀ ਵਿਚਾਰਾਂ ਹੋਈਆਂ, ਉਥੇ ਹੀ ਰਜਵਾੜਾਸ਼ਾਹੀ ਦੀ ਧੱਕੇਸ਼ਾਹੀ ਬਾਰੇ ਵੀ ਚਰਚਾ ਹੋਈ। 

ਅਕਤੂਬਰ 1930 ਵਿੱਚ ਰਿਆਸਤੀ ਪਰਜਾ ਮੰਡਲ ਦੀ ਦੂਜੀ ਕਾਨਫਰੰਸ ਲੁਧਿਆਣਾ ਵਿੱਚ ਹੋਈ, ਜਿਸ ਵਿਚ ਤਕਰੀਰ ਕਰਦਿਆਂ ਸੇਵਾ ਸਿੰਘ ਨੇ ਕਿਹਾ, ‘‘ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਤੇ ਜ਼ੁਲਮ ਖ਼ੁਦ ਬਖ਼ੁਦ ਮਿਟ ਜਾਣਗੇ।’’ ਇਸ ਕਾਨਫਰੰਸ ਤੋਂ ਬਾਅਦ ਸੇਵਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ, ਝੂਠਾ ਮੁਕੱਦਮਾ ਦਰਜ ਕਰਕੇ ਪੰਜ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਗਈ ਪਰ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਚਾਰ-ਪੰਜ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਕਰਨਾ ਪਿਆ। ਪੰਜਾਬ ਰਿਆਸਤੀ ਪਰਜਾ ਮੰਡਲ ਦੀ ਤੀਜੀ ਕਾਨਫਰੰਸ 1931 ਨੂੰ ਸ਼ਿਮਲਾ ਵਿੱਚ ਰੱਖੀ ਗਈ। ਇੱਥੇ ਸੇਵਾ ਸਿੰਘ ਨੇ ਮਹਾਤਮਾ ਗਾਂਧੀ ਨਾਲ ਰਿਆਸਤਾਂ ਦੀ ਆਜ਼ਾਦੀ ਤੋਂ ਬਿਨਾਂ ਰਾਜਨੀਤਕ ਵਿਚਾਰ-ਚਰਚਾ ਵੀ ਕੀਤੀ। ਇਸੇ ਸਾਲ ਹੀ ਰਿਆਸਤਾਂ ਦੀ ਸਰਬ ਹਿੰਦ ਜਥੇਬੰਦੀ ਵੱਲੋਂ ਬੰਬਈ (ਮੁੰਬਈ) ਵਿੱਚ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸੇਵਾ ਸਿੰਘ ਪੰਜਾਬ ਦੇ ਪ੍ਰਤੀਨਿਧ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ ਸਨ। 

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਪੂਰਾ ਜੀਵਨ ਹਮੇਸ਼ਾਂ ਹੀ ਆਪਣੇ ਲੋਕਾਂ ਤੇ ਕੌਮ ਦੀ ਸੇਵਾ ਵਿੱਚ ਹਾਜ਼ਰ ਰਿਹਾ, ਇਸ ਪੂਰੇ ਜੀਵਨ ਦੌਰਾਨ ਉਹਨਾਂ ਨੂੰ ਬਹੁਤ ਵਾਰ ਜੇਲ੍ਹ ਵੀ ਜਾਣਾ ਪਿਆ। ਜਿਸ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

1923 ਵਿੱਚ ਸ਼ਾਹੀ ਕਿਲ੍ਹਾ ਲਾਹੌਰ ਅਕਾਲੀ ਲੀਡਰਾਂ ਦੇ ਮੁੱਕਦਮਾ ਬਗਾਵਤ ਵਿੱਚ 3 ਸਾਲ ਨਜ਼ਰਬੰਦੀ।

1926 ਬਾਗੀ ਹੋਣ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਸਾਢੇ ਤਿੰਨ ਸਾਲ ਨਜ਼ਰਬੰਦੀ।

1930 ਵਿੱਚ ਬਗਾਬਤ ਦੇ ਜੁਰਮ ਵਿੱਚ ਪਟਿਆਲਾ ਜੇਲ੍ਹ ਵਿੱਚ ਛੇ ਸਾਲ ਕੈਦ, ਚਾਰ ਮਹੀਨੇ ਪਿੱਛੋਂ ਰਿਹਾਈ।

1931 ਸੰਗਰੂਰ ਸਤਿਆਗ੍ਰਹਿ 4 ਮਹੀਨੇ ਜੇਲ੍ਹ ਦੀ ਹੋਈ।

1932 ਮਲੇਰਕੋਟਲਾ ਮੋਰਚਾ 3 ਮਹੀਨੇ ਨਜ਼ਰਬੰਦੀ ਹੋਈ।

1933 ਪਟਿਆਲਾ ਹਦਾਇਤਾਂ ਦੀ ਖ਼ਲਾਫ਼-ਵਰਜ਼ੀ ਦੇ ਬਾਗ਼ੀਆਨਾ ਜੁਰਮ ਵਿੱਚ 8 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ ਹੋਇਆ ਸੀ। ਇਹ ਕੈਦ ਹਜੇ ਡੇਢ ਸਾਲ ਹੀ ਕੱਟੀ ਸੀ। ਇਸ ਦੌਰਾਨ ਹੀ ਜੇਲ੍ਹ ਦੇ ਅੰਦਰ ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

ਭੁੱਖ ਹੜਤਾਲ ਕਾਰਨ ਸੇਵਾ ਸਿੰਘ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਪਰ ਸਰਕਾਰ ਨੇ ਇੱਥੇ ਬਿਲਕੁਲ ਵੀ ਧਿਆਨ ਨਾ ਦਿੱਤਾ। ਇੱਥੇ ਹੀ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।

20 ਦਸੰਬਰ 1938 ਨੂੰ ਜਦੋਂ ਸਰਦਾਰ ਸੇਵਾ ਸਿੰਘ ਦੀਆਂ ਅਸਥੀਆਂ ਠੀਕਰੀਵਾਲਾ ਲੈਕੇ ਆਈਆਂ ਗਈਆਂ ਤਾਂ ਪਿੰਡ ਦੀ ਸਰਬਸੰਮਤੀ ਨਾਲ਼ ਸਰਦਾਰ ਜੀ ਦੀ ਯਾਦ ਵਿੱਚ ਇੱਕ ਹਾਈ ਸਕੂਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸਦੀ ਜ਼ੁੰਮੇਵਾਰੀ ਸਰਦਾਰ ਉਜਾਗਰ ਸਿੰਘ ਭੌਰਾ ਨੂੰ ਦਿੱਤੀ ਗਈ ਸੀ। ਜਿੰਨ੍ਹਾਂ ਨੇ ਆਪਣੇ ਸਾਥੀਆਂ ਨਾਲ਼ ਮਿਲ਼ਕੇ 13 ਅਪਰੈਲ 1950 ਨੂੰ ਸ਼ਹੀਦ ਸੇਵਾ ਸਿੰਘ ਹਾਈ ਸਕੂਲ ਜਾਰੀ ਕੀਤਾ ਗਿਆ। ਬਾਅਦ ਵਿੱਚ ਇਹ ਸਕੂਲ ਦਾ ਪ੍ਰਬੰਧ ਸਰਕਾਰ ਦੇ ਹੱਥ ਹੇਠ ਆ ਗਿਆ। 28 ਜਨਵਰੀ 1960 ਨੂੰ ਸ੍ਰੀ ਐਨ.ਵੀ. ਗੈਡਵਿਲ ਗਵਰਨਰ ਪੰਜਾਬ ਨੇ ਇਸ ਸਕੂਲ ਦੀ ਇਮਾਰਤ ਦੀ ਆਰੰਭਕ ਰਸਮ ਅਦਾ ਕੀਤੀ।

ਅੱਜ ਵੀ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਜੀ ਦੀ ਸ਼ਹੀਦੀ ਯਾਦ 'ਚ 18,19,20 ਜਨਵਰੀ ਨੂੰ ਸਭਾ ਲੱਗਦੀ ਹੈ।

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਪਹਿਲਾਂ ਇਹ ਸਭਾ ਦਾ ਦੀਵਾਨ ਆਪਣੇ ਘਰ ਦੇ ਸਾਹਮਣੇ ਬਾਬਾ ਜੈਮਲ ਸਿੰਘ ਦੀ ਥਾਂ ਲਗਾਉਦੇ ਹੁੰਦੇ ਸੀ। ਬਾਅਦ 'ਚ ਇਹੀ ਸਭਾ ਨਵਾਬ ਕਪੂਰ ਸਿੰਘ ਦੇ ਇਤਿਹਾਸਕ ਗੁਰਦੁਆਰੇ ਵਿੱਚ ਲੱਗਦੀ ਰਹੀ ਹੈ। 

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ ਅੱਜ ਫਿਲਹਾਲ ਉਹਨਾਂ ਦੀ ਜ਼ਿੰਦਗੀ ਸੰਬੰਧਿਤ ਇੰਨ੍ਹੀ ਕੁ ਜਾਣਕਾਰੀ ਸਾਂਝੀ ਕਰਨਾ,ਇੱਥੇ ਸਾਡਾ ਮਕਸਦ ਨਵੀਂ ਪੀੜ੍ਹੀ ਨੂੰ ਉਹਨਾਂ ਬਾਰੇ ਹੋਰ ਜਾਣਨ ਦੀ ਰੁਚੀ ਪੈਦਾ ਕਰਨਾ ਹੈ। ਅੱਜ ਅਜਿਹੇ ਮਹਾਨ ਇਨਸਾਨ ਨੂੰ ਯਾਦ ਕਰਦਿਆਂ ਉਹਨਾਂ ਦੇ ਵਿਸ਼ੇਸ਼ ਗੁਣ ਸਬਰ, ਨਿਰਸੁਆਰਥ ਸੇਵਾ ਭਾਵਨਾ,ਕੌਮੀ ਜਜ਼ਬੇ ਤੇ ਬਾਗੀ ਸੁਭਾਅ ਤੋਂ ਸਾਨੂੰ ਤੇ ਸਾਡੇ ਸਮਿਆਂ ਦੀ ਹਾਣੀ ਪੀੜ੍ਹੀ ਨੂੰ ਪ੍ਰੇਰਨਾ ਲੈਕੇ ਅੱਗੇ ਤੁਰਨ ਦੀ ਜਾਚ ਸਿੱਖਣੀ ਚਾਹੀਦੀ ਹੈ। 

ਸ.ਸੁਖਚੈਨ ਸਿੰਘ ਕੁਰੜ

(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ) 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)