ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਇਹਨਾਂ ਦੇ ਖੇਖਣ ਸ਼ੁਰੂ ਹੁੰਦੇ।ਬੜੀ ਵੇਰ ਇਹ ਵੇਖਿਆ ਸੀ ਕਿ ਜਦੋਂ ਵੀ ਕਿਤੇ ਮੀਤ ਬਾਰੇ ਕੋਈ ਵੀ ਗੱਲ ਕਰਦੇ ਤਾਂ ਜੀਤੋ ਪਹਿਲਾ ਹੀ ਰੌਲਾ ਪਾ ਬਹਿ ਜਾਂਦੀ। ਰਿਸ਼ਤੇ ਵਿੱਚ ਦੋਵੇਂ ਦਿਓਰ ਭਾਬੀ ਲੱਗਦੇ ਸਨ। ਮੀਤ ਦੀ ਘਰਦੀ ਸਭ ਸਮਝਦੀ ਪਰ ਚੁੱਪ ਰਹਿੰਦੀ। ਦਿਓਰ ਭਾਬੀ ਦਾ ਰਿਸ਼ਤਾ ਕਦੇ ਦਾ ਸਭ ਹੱਦ ਬੰਨੇ ਟੱਪ ਚੁੱਕਾ ਸੀ।ਜੀਤੋ ਦਾ ਘਰਵਾਲਾ ਜੋਗਾ ਨਸ਼ਾ ਪੱਤਾ ਲਾ ਕੇ ਪਿਆ ਰਹਿੰਦਾ। ਜੀਤੋ ਵਲੋ ਉਸ ਘੇਸਲ ਮਰ ਰੱਖੀ ਸੀ। ਜੀਤੋ ਨੇ ਆਪਣਾ ਰਾਹ ਮੀਤ ਰਾਹੀਂ ਲੱਭ ਲਿਆ ਸੀ। ਇਸ ਸਭ ਵਿਚ ਪਿਸ ਰਹੀ ਸੀ ਮੀਤ ਦੀ ਘਰਦੀ ਚੰਨੀ।ਚੰਨੀ ਸਭ ਦੇਖ ਵੀ ਚੁੱਪ ਰਹਿੰਦੀ। ਉਸਦੀਆਂ ਅੱਖਾਂ ਸਾਮ੍ਹਣੇ ਉਸਦਾ ਖਸਮ ਜੀਤੋ ਨਾਲ ਹੁੰਦਿਆਂ ਕਮਰਾ ਬੰਦ ਕਰ ਲੈਂਦਾ। ਸਬਰ ਦਾ ਘੁੱਟ ਭਰਨ ਤੋਂ ਇਲਾਵਾ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ।ਚੰਨੀ ਅੰਦਰੋ ਅੰਦਰ ਮਰ ਰਹੀ ਸੀ। ਓਹ ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਉਲਝਾਈ ਰੱਖਦੀ। ਸੱਸ ਓਹਦੇ ਵਿਆਹ ਤੋ ਪਹਿਲਾ ਹੀ ਗੁਜ਼ਰ ਚੁੱਕੀ ਸੀ। ਸਹੁਰਾ ਅਕਸਰ ਖੇਤ ਹੀ ਡੇਰਾ ਲਾਈ ਰੱਖਦਾ। ਚੰਨੀ ਆਪਣਾ ਦੁੱਖ ਦੱਸਦੀ ਵੀ ਤਾਂ ਕਿਹਨੂੰ।ਜੁਵਾਕ ਵੀ ਸਹਿਮੇ ਜਿਹੇ ਰਹਿੰਦੇ। ਚੰਨੀ ਦਾ ਜੀਅ ਕਰਦਾ ਪੇਕੇ ਘਰ ਚਲੀ ਜਾਵੇ ਪਰ ਮਾਂ ਪਿਓ ਤੇ ਹੋਰ ਬੋਝ ਪਾਉਣਾ ਵੀ ਓਹਨੂੰ ਸਹੀ ਨਾ ਲੱਗਦਾ।ਜੀਤੋ ਦਾ ਹੌਂਸਲਾ ਵਧਦਾ ਹੀ ਜਾ ਰਿਹਾ ਸੀ। ਜਿਹੜੀਆਂ ਹਰਕਤਾਂ ਪਰਦੇ ਵਿੱਚ ਸਨ ਹਨ ਆਮ ਨਸ਼ਰ ਹੋਣ ਲੱਗੀਆਂ। ਪਿੰਡ ਦੇ ਲੋਕ ਵੀ ਸਭ ਜਾਣਦੇ ਸੀ। ਮੂੰਹ ਤੇ ਕੋਈ ਕੁਝ ਨਾ ਕਹਿੰਦਾ ਪਰ ਪਿੱਠ ਪਿੱਛੇ ਸਭ ਛੱਜ ਚ ਪਾ ਛਟਦੇ।ਜੋਗੇ ਨੂੰ ਆਪਣੇ ਨਸ਼ੇ ਤੋਂ ਅੱਗੇ ਕੁਝ ਨਾ ਦਿਸਦਾ। ਓਹ ਹੁਣ ਘਰੋ ਚੋਰੀ ਸਮਾਨ ਚੁੱਕ ਵੇਚ ਦਿੰਦਾ। ਮੀਤ ਹੀ ਖੇਤੀ ਦਾ ਕੰਮ ਦੇਖਦਾ। ਬਾਪੂ ਸਭ ਵੇਖਦਾ ਤੇ ਸਮਝਦਾ ਸੀ। ਓਸਨੇ ਜੋਗੇ ਨੂੰ ਰੋਕਣ ਦੀ ਬਹੁਤ ਕੌਸ਼ਿਸ਼ ਕੀਤੀ ਪਰ ਨਸ਼ੇ ਦੇ ਡੰਗੇ ਕਿੱਥੇ ਹਟਦੇ।ਬਾਪੂ ਨੇ ਮੀਤ ਨਾਲ ਵੀ ਗੱਲ ਕੀਤੀ ਕਿ ਆਪਣੇ ਬੱਚਿਆਂ ਵੱਲ ਧਿਆਨ ਦੇਵੇ ਪਰ ਕਾਮ ਦੇ ਡੰਗੇ ਵੀ ਕਿੱਥੇ ਰੁਕਦੇ। ਘਰ ਹਰ ਪਾਸਿਓ ਤਬਾਹੀ ਵੱਲ ਜਾ ਰਿਹਾ ਸੀ ਇਕ ਦਿਨ ਜੂਵਾਕ ਨੇ ਆਪਣੇ ਪਿਓ ਮੀਤ ਨੂੰ ਜੀਤੋ ਨਾਲ ਵੇਖ ਲਿਆ। ਓਸ ਭੱਜ ਕੇ ਆਕੇ ਮਾਂ ਨੂੰ ਦਸਿਆ। ਮਾਂ ਨੇ ਸੌ ਪੱਜ ਪਾਏ ਪਰ ਜੁਵਾਕ਼ ਕਾਹਨੂੰ ਮੰਨਦੇ। ਚੰਨੀ ਲਈ ਰਾਤ ਬਿਤਾਉਣੀ ਔਖੀ ਹੋ ਗਈ ਸਵੇਰੇ ਓਹ ਸੁਵਖਤੇ ਹੀ ਖੂਹ ਤੇ ਬਾਪੂ ਕੋਲ ਜਾ ਪਹੁੰਚੀ। ਅੱਖਾਂ ਨੀਵੀਆਂ ਕਰ ਬਾਪੂ ਨੂੰ ਸਾਰੀ ਗੱਲ ਦੱਸੀ। ਬਾਪੂ ਕਿਹੜਾ ਅਣਜਾਣ ਸੀ। ਓਸ ਦਿਲਾਸਾ ਦੇ ਚੰਨੀ ਨੂੰ ਘਰ ਤੋਰਿਆ। ਜੋਗੇ ਨੂੰ ਪਿੰਡ ਵਿੱਚੋ ਲੱਭ ਓਸ ਨੂੰ ਸਮਝਾਇਆ। ਦੋਹਾਂ ਵਿਚ ਤੂੰ ਤੂੰ ਮੈਂ ਮੈਂ ਹੋਈ ਤੇ ਜੋਗੇ ਨੇ ਸੋਟਾ ਚੁੱਕ ਬਾਪੂ ਦੇ ਸਿਰ ਵਿਚ ਮਾਰਿਆ। ਬਾਪੂ ਥਾਈ ਢੇਰ ਹੋ ਗਿਆ।ਪੁਲਿਸ ਨੇ ਜੋਗੇ ਨੂੰ ਹਿਰਾਸਤ ਵਿਚ ਲੈ ਲਿਆ।ਘਰ ਵਿਚ ਮਾਤਮ ਛਾ ਗਿਆ। ਚੰਨੀ ਨੂੰ ਪਛਤਾਵਾ ਸੀ ਕਿ ਬਾਪੂ ਨਾਲ ਗੱਲ ਹੀ ਨਾ ਕਰਦੀ। ਮੀਤ ਤੇ ਜੀਤੋ ਦਾ ਡਰ ਮੁੱਕ ਗਿਆ ਸੀ।ਚੰਨੀ ਦੀ ਘੁਟਨ ਵੱਧ ਰਹੀ ਸੀ। ਘਰ ਵਿਚ ਓਹ ਸਿਰਫ ਕੰਮ ਕਰਨ ਵਾਲੀ ਬਣ ਕੇ ਰਹਿ ਗਈ ਸੀ।ਆਖਿਰ ਇਕ ਦਿਨ ਅੱਕੀ ਨੇ ਫਾਹਾ ਲੈ ਲਿਆ। ਜਵਾਕ ਰੋ ਰੋ ਕਮਲੇ ਹੋ ਗਏ। ਮੀਤ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਹੁਣ ਇਹ ਸਾਰਾ ਧਿਆਨ ਖੇਤੀ ਤੇ ਬੱਚਿਆਂ ਵੱਲ ਦਿੰਦਾ। ਜੀਤੋ ਨੂੰ ਇਹ ਬਰਦਾਸ਼ਤ ਨਹੀਂ ਸੀ। ਇਹ ਘਰ ਦਾ ਕੋਈ ਕੰਮ ਨਾ ਕਰਦੀ। ਹਰ ਵੇਲੇ ਲੜਾਈ ਪਈ ਰੱਖਦੀ। ਇੱਕ ਦਿਨ ਉਸ ਦੀ ਜ਼ੁਬਾਨ ਜ਼ਿਆਦਾ ਹੀ ਚਲੀ। ਗੁੱਸੇ ਵਿਚ ਮੀਤ ਨੇ ਓਹਨੂੰ ਧੱਕਾ ਮਾਰਿਆ ਤਾਂ ਇਹ ਕੰਧ ਨਾਲ ਜਾ ਵੱਜੀ ਤੇ ਐਸੀ ਡਿੱਗੀ ਕਿ ਮੰਜੇ ਜੋਗੀ ਰਹਿ ਗਈ। ਹੁਣ ਉਹ ਆਪ ਮੁਥਾਜ ਸੀ। ਸਾਰਾ ਘਰ ਜਿਵੇਂ ਸਹਿਮ ਗਿਆ ਸੀ। ਦੋ ਜੀਅ ਦੁਨੀਆ ਚੋਂ ਚਲੇ ਗਏ ਤੇ ਇਕ ਜੇਲ ਵਿੱਚ ਸੀ। ਜੀਤੋ ਮੰਜੇ ਤੇ ਪਾਈ ਅਕਸਰ ਸੋਚਦੀ ਕਿ ਸਿਆਣੇ ਸਹੀ ਕਹਿੰਦੇ ਸੀ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।ਮੀਤ ਨੇ ਬਾਪੂ ਵਾਂਗ ਖੇਤ ਡੇਰਾ ਲਾ ਲਿਆ ਸੀ। ਚੰਨੀ ਤੇ ਮੀਤ ਦੇ ਧੀ ਪੁੱਤ ਜੀਤੋ ਦੀ ਸੰਭਾਲ ਵੀ ਕਰਦੇ, ਘਰ ਦਾ ਕੰਮ ਵੀ ਤੇ ਪੜ੍ਹਦੇ ਵੀ ਸੀ। ਜੀਤੋ ਤੇ ਮੀਤ ਦੇ ਹੱਥ ਸਿਰਫ ਪਛਤਾਵਾ ਹੀ ਲਗਿਆ ਸੀ ਜ਼ਿੰਦਗੀ ਆਪਣੀ ਚਾਲੇ ਚਲ ਰਹਿ ਸੀ।
ਹਰਪ੍ਰੀਤ ਕੌਰ ਸੰਧੂ