ਬਰਨਾਲਾ /ਮਹਿਲ ਕਲਾਂ, 23 ਸਤੰਬਰ (ਗੁਰਸੇਵਕ ਸਿੰਘ ਸੋਹੀ ) ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਕ ਵਿਅਕਤੀ ਪਾਸੋਂ 200 ਗਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਕਰਕੇ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਥਾਣਾ ਮਹਿਲ ਕਲਾਂ ਦੇ ਮੁਖੀ ਕਮਲਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ (ਆਈਪੀਐਸ ) ਦੀ ਅਗਵਾਈ ਹੇਠ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਗਮਦੂਰ ਸਿੰਘ ਚਹਿਲ (ਪੀਪੀਐੱਸ ) ਦੇ ਦਿਸ਼ਾ ਨਿਰਦੇਸਾ ਹੇਠ ਏਐਸਆਈ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਪੁਲਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਧਨੇਰ ਤੋਂ ਮੂੰਮ ਨੂੰ ਜਾਂਦੀ ਲਿੰਕ ਸੜਕ ਉਪਰ ਆ ਰਹੇ ਇਕ ਮੋਟਰਸਾਈਕਲ ਸਵਾਰ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 200 ਗਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਇਆ ।ਜਿਸ ਦੀ ਪਹਿਚਾਣ ਜ਼ੋਰਾ ਸਿੰਘ ਵਾਸੀ ਰਾਮਾ ਮੋਗਾ ਵਜੋਂ ਹੋਈ ਹੈ ।ਉਸ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿਆਂ ਨਹੀਂ ਜਾਵੇਗਾ। ਉਨ੍ਹਾਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ,ਸੂਚਨਾ ਦੇਣ ਵਾਲੇ ਵਿਆਕਤੀ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ।