You are here

ਰੋਸ ਮੁਜ਼ਾਹਰਾ 8 ਸਤੰਬਰ ਨੂੰ 

ਮਾਮਲਾ ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਦਾ 

ਪੱਕਾ ਧਰਨਾ 166ਵੇਂ ਦਿਨ 'ਚ ਸ਼ਾਮਲ਼

ਜਗਰਾਉਂ 4 ਸਤੰਬਰ ( ਮਨਜਿੰਦਰ ਗਿੱਲ /  ਗੁਰਕੀਰਤ ਜਗਰਾਉਂ  ) ਗਰੀਬ ਪਰਿਵਾਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ 'ਤੇ ਤੱਤਕਾਲੀ ਥਾਣੇਦਾਰ ਵਲੋਂ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਇਆ ਪੱਕਾ ਮੋਰਚਾ ਅੱਜ 166ਵੇਂ ਦਿਨ ਵੀ ਜਾਰੀ ਰਿਹਾ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਅਤੇ ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਨੇ ਕਿਹਾ ਕਿ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 8 ਸਤੰਬਰ ਨੂੰ ਅੈਸ.ਅੈਸ.ਪੀ. ਦਫ਼ਤਰ ਵੱਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਲਾਮਬੰਦ ਕਰਨ ਲਈ ਜੱਥੇਬੰਦੀਆਂ ਵਲੋਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲ਼ੇ ਫੂਕੇ ਜਾ ਰਹੇ। ਤਰਲੋਚਨ ਸਿੰਘ ਝੋਰੜਾਂ, ਜਸਦੇਵ ਸਿੰਘ ਲਲਤੋਂ ਤੇ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਅਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਥਾਨਕ ਥਾਣੇ ਮੂਹਰੇ ਲੱਗਾ ਪੱਕਾ ਮੋਰਚਾ ਅੱਜ 166ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨਾਂ ਕਿਹਾ ਕਿ ਗੂੜੀ ਨੀਂਦ ਸੁੱਤੀ "ਆਪ ਸਰਕਾਰ" ਨੂੰ ਜਗਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ 8 ਸਤੰਬਰ ਨੂੰ ਅੈਸ.ਅੈਸ.ਪੀ. ਦਫ਼ਤਰ ਵੱਲ ਨੂੰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੁਲਿਸ ਦੇ ਘਟੀਆ ਵਤੀਰੇ ਪ੍ਰਤੀ ਅਾਮ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਕਿਉਂਕਿ ਇਨਸਾਫ਼ ਦੇ ਮੁੱਦੇ 'ਤੇ ਕਿਸੇ ਵੀ ਪੀੜ੍ਹਤ ਦੀ ਸੁਣਵਾਈ ਨਹੀਂ ਹੋ ਰਹੀ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਲ 2004-05 ਵਿੱਚ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਅੈਸ.ਅਾਈ/ਅੈਸ.ਅੈਚ.ਓ.ਕਹਾਉਂਦੇ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਅਣਮਨੁੱਖੀ ਤਸੀਹੇ ਦਿੱਤੇ ਸਨ। ਰਸੂਲਪੁਰ ਅਨੁਸਾਰ ਉਸ ਦੀ ਭੈਣ ਕੁਲਵੰਤ ਕੌਰ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਰਹੀ ਅੰਤ10 ਦਸੰਬਰ ਨੂੰ ਦੁਨੀਆਂ ਤੋਂ ਰੁੱਖਸਤ ਹੋ ਗਈ ਸੀ। ਉਨਾਂ ਕਿਹਾ ਕਿ ਕੁਲਵੰਤ ਕੌਰ ਦੀ ਮੌਤ ਦੂਜੇ ਦਿਨ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6-7 ਮਹੀਨੇ ਲੰਘ ਗਏ ਹਨ ਪਰ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਖੁੱਦ ਪੀੜ੍ਹਤਾ ਤੇ ਅੱਤਿਆਚਾਰਾਂ ਦੀ ਚਸਮਦੀਦ ਗਵਾਹ ਸੁਰਿੰਦਰ ਕੌਰ ਰਸੂਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਸੁਣਵਾਈ ਨਾਂ ਕਰਕੇ ਹਰ ਪੱਖ ਤੋਂ ਉਜਾੜਾ ਕੀਤਾ ਗਿਆ ਜਿਸ ਲਈ ਪੁਲਿਸ ਤੇ ਸਿਵਲ ਪ੍ਰਸਾਸ਼ਨ ਸਮੇਤ ਰਹਿ ਚੁੱਕੀਆਂ ਸਰਕਾਰਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰਾਮਤੀਰਥ ਸਿੰਘ ਲੀਲ੍ਹਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ, ਹਰੀ ਸਿੰਘ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਨੇ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਧਰਨੇ ਵਿੱਚ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, , ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।