ਚੰਡੀਗੜ੍ਹ, ਅਗਸਤ 2019- ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਅਰਜ਼ੀ ਅੱਜ ਰੱਦ ਕਰ ਦਿੱਤੀ ਗਈ ਹੈ। ਡੇਰਾ ਮੁਖੀ ਨੇ ਆਪਣੀ ਬਿਮਾਰ ਮਾਂ ਦੀ ਦੇਖ-ਭਾਲ ਕਰਨ ਲਈ ਪੈਰੋਲ ਦੀ ਅਰਜ਼ੀ ਲਾਈ ਸੀ। ਸਿਰਸਾ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਦੇ ਆਧਾਰ ’ਤੇ ਸੁਨਾਰੀਆ ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ ਵਲੋਂ ਇਹ ਅਰਜ਼ੀ ਅਯੋਗ ਠਹਿਰਾਈ ਗਈ ਹੈ। ਡੀਸੀ ਵਲੋਂ ਇਹ ਰਿਪੋਰਟ ਸੁਰੱਖਿਆ ਪ੍ਰਬੰਧਾਂ ਅਤੇ ਡਾਕਟਰਾਂ ਦੀ ਟੀਮ ਵਲੋਂ ਡੇਰਾ ਮੁਖੀ ਦੀ ਮਾਂ ਦੀ ਕੀਤੀ ਗਈ ਸਿਹਤ ਜਾਂਚ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੀ। ਸਿਰਸਾ ਦੇ ਸਿਵਲ ਸਰਜਨ ਗੋਵਿੰਦ ਗੁਪਤਾ ਵਲੋਂ ਡੇਰਾ ਮੁਖੀ ਦੀ ਮਾਂ ਨਸੀਬ ਕੌਰ (83) ਦੀ ਸਿਹਤ ਜਾਂਚ ਕੀਤੀ ਗਈ ਸੀ। ਸਿਰਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਡੇਰਾ ਮੁਖੀ ਦੀ ਮਾਂ ਦੀ ਮੈਡੀਕਲ ਰਿਪੋਰਟ ਸੁਨੀਲ ਸਾਂਗਵਾਨ ਨੂੰ ਭੇਜੀ ਸੀ। ਇਸ ਬਾਰੇ ਸੰਪਰਕ ਕਰਨ ’ਤੇ ਸਾਂਗਵਾਨ ਨੇ ਮਾਮਲੇ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਰੋਹਤਕ ਡਿਵੀਜ਼ਨ ਦੇ ਕਮਿਸ਼ਨਰ ਪੰਕਜ ਯਾਦਵ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਪੈਰੋਲ ਅਰਜ਼ੀ ਮਨਜ਼ੂਰ ਕਰਨ ਲਈ ਕੋਈ ਜਾਇਜ਼ ਕਾਰਨ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਜਿਸ ਆਧਾਰ ’ਤੇ ਪੈਰੋਲ ਮੰਗੀ ਗਈ ਸੀ, ਉਹ ਅਯੋਗ ਪਾਇਆ ਗਿਆ ਹੈ।’’ ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਪਤਨੀ ਹਰਜੀਤ ਕੌਰ ਨੇ ਬੀਤੀ 5 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪਤੀ ਲਈ ਤਿੰਨ ਹਫ਼ਤਿਆਂ ਦੀ ਪੈਰੋਲ ਮੰਗੀ ਸੀ। ਪਟੀਸ਼ਨ ਵਿੱਚ ਉਸ ਨੇ ਪੈਰੋਲ ਲਈ ਰਾਮ ਰਹੀਮ ਦੀ ਮਾਂ ਦੇ ਹਿਰਦੇ ਰੋਗ ਸਬੰਧੀ ਇਲਾਜ ਨੂੰ ਆਧਾਰ ਬਣਾਇਆ ਸੀ। ਉਸ ਨੇ ਅਰਜ਼ੀ ਵਿੱਚ ਕਿਹਾ ਸੀ, ‘‘ਮੇਰੀ ਸੱਸ ਚਾਹੁੰਦੀ ਹੈ ਕਿ ਇਲਾਜ ਦੌਰਾਨ ਉਸ ਦਾ ਪੁੱਤਰ ਉਸ ਦੇ ਕੋਲ ਹੋਵੇ।’’ ਇਸ ’ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਪੰਜ ਦਿਨਾਂ ਵਿੱਚ ਪੈਰੋਲ ਬਾਰੇ ਫ਼ੈਸਲਾ ਲੈਣ ਦਾ ਆਦੇਸ਼ ਦਿੱਤਾ ਸੀ।