"ਪੁਰਾਤਨ ਸਮਾਂ"
ਸਵਾਣੀਆਂ ਵਿਆਹਾਂ ਵਿੱਚ ਰੋਟੀਆਂ ਪਕਾਉਂਦੀਆਂ ਨਾ,
ਅਲੋਪ ਹੋਇਆ ਪਿੰਡਾਂ ਵਿੱਚੋਂ "ਚੁਰਾਂ" ਦਾ ਰਿਵਾਜ ਜੀ।
ਪੈਲੇਸਾਂ ਚ ਕਰ ਲੈਂਦੇ ਉੱਕਾ ਪੁੱਕਾ ਖਾਣਾ ਵਿੱਚੇ,
ਆਪ ਹੋਂ ਸਿਆਣੇ ਬਹੁਤਾ ਖੋਲ੍ਹੀਏ ਕੀ ਪਾਜ ਜੀ।
ਬੀਮਾਰੀਆਂ ਚ ਗ੍ਰਿਸਤ ਹੋਇਆ ਸਾਰਾ ਹੀ ਪੰਜਾਬ ਵੀਰੋ,
ਰੱਬ ਵੀ ਤਾਂ ਕਿਸੇ ਨਾਲ ਕਰੇ ਨਾ ਲਿਹਾਜ ਜੀ।
ਸੌ ਵਿੱਚੋਂ ਨੱਬੇ ਬੰਦੇ ਬੁੜੀਆਂ ਬੀਮਾਰ ਰਹਿੰਦੇ,
ਘੇਰ ਲਿਆ ਦੁੱਖਾਂ ਨੇ ਤਾਂ ਸਾਰਾ ਹੀ ਸਮਾਜ ਜੀ।
ਰੇਹਾਂ ਸਪਰੇਆਂ ਵਾਲਾ ਜ਼ਹਿਰ ਆਪਾਂ ਖਾਈ ਜਾਂਦੇ,
ਖਾਲਸ ਤਾਂ ਖਾਣੇ ਵੱਲੋਂ ਹੋ ਗਏ ਆਂ ਮੁਥਾਜ ਜੀ।
ਦੱਦਾਹੂਰ ਵਾਲਾ ਗੱਲਾਂ ਖਰੀਆਂ ਸੁਣਾਉਂਦਾ ਸਦਾ,
ਵੀਰ ਮੇਰਿਓ ਵੇਖਿਓ ਕਿਤੇ ਹੋਇਓ ਨਾ ਨਰਾਜ ਜੀ।
ਜਸਵੀਰ ਸ਼ਰਮਾਂ ਦੱਦਾਹੂਰ - ਸ੍ਰੀ ਮੁਕਤਸਰ ਸਾਹਿਬ