ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀ ਵਿੱਚ ਦੋ ਨਵੇਂ ਸ਼ੈਡ ਬਣਾਏ ਜਾਣਗੇ-ਬੀਬੀ ਮਾਣੂੰਕੇ
ਜਗਰਾਉਂ , (ਮਨਜਿੰਦਰ ਗਿੱਲ ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਮਾਰਕੀਟ ਕਮੇਟੀ ਜਗਰਾਉਂ ਦੀ ਅਗਵਾਈ ਹੇਠ ਆੜਤੀਆਂ ਦੀਆਂ ਸਮੱਸਿਆਵਾਂ ਦਫਤਰ ਮਾਰਕੀਟ ਕਮੇਟੀ ਜਗਰਾਉਂ ਵਿਖੇ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਹੀ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਫੜ ਪੱਕੇ ਕਰਕੇ ਮੁਕੰਮਲ ਕੀਤੇ ਜਾਣ ਅਤੇ ਜਗਰਾਉਂ ਮੰਡੀ ਦੇ ਨਵੇਂ ਬਣ ਰਹੇ ਫੜ ਦਾ ਲੈਵਲ ਸਹੀ ਕੀਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਆੜਤੀਆਂ ਦੀ ਮੰਗ ਅਨੁਸਾਰ ਵਿਧਾਇਕਾ ਮਾਣੂੰਕੇ ਵੱਲੋਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜਿਹੜੇ ਵੀ ਫੜਾਂ ਦੀ ਰਿਪੇਅਰ ਹੋਣ ਵਾਲੀ ਹੈ ਤੁਰੰਤ ਕਰਵਾਈ ਜਾਵੇ ਅਤੇ ਸਬਜ਼ੀ ਮੰਡੀ ਦੇ ਨਾਲ ਜੋ ਨਵਾਂ ਫੜ ਬਣਨਾਂ ਹੈ ਅਤੇ ਮੰਡੀ ਵਿੱਚ ਜੋ ਵੱਡੀਆਂ ਹਾਈ ਮਾਸਟ ਐਲ.ਈ.ਡੀ.ਲਾਈਟਾਂ ਲਗਾਈਆਂ ਜਾਣੀਆਂ ਹਨ, ਉਸ ਲਈ ਤੁਰੰਤ ਉਪਰਾਲੇ ਕਰਕੇ ਕਾਰਵਾਈ ਮੁਕੰਮਲ ਕੀਤੀ ਜਾਵੇ ਅਤੇ ਸਿਵਲ ਇੰਜਨੀਅਰਿੰਗ ਵਿੰਗ ਨੂੰ ਮੰਡੀ ਦਾ ਸੀਵਰੇਜ ਤਰੰਤ ਸਾਫ਼ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀ ਦੇ ਮੇਨ ਫੜ ਉਪਰ ਦੋ ਨਵੇਂ ਸ਼ੈਡਾਂ ਦੀ ਉਸਾਰੀ ਦਾ ਕੰਮ ਜ਼ਲਦੀ ਸ਼ੁਰੂ ਕਰਵਾਇਆ ਜਾਵੇਗਾ, ਤਾਂ ਜੋ ਆੜਤੀਆਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਸੰਭਾਲਣ ਅਤੇ ਉਹਨਾਂ ਦੀ ਖਰੀਦ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪੰਜਾਬ ਵਿੱਚ 92 ਸੀਟਾਂ ਜਿਤਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਲਈ ਪੰਜਾਬ ਵਾਸੀਆਂ ਦੀਆਂ ਉਮੀਦਾਂ ਅਨੁਸਾਰ ਮਿਆਰੀ ਕੰਮ ਕੀਤੇ ਜਾਣਗੇ ਅਤੇ ਕਿਸਾਨਾਂ ਦੀਆਂ ਫਸਲਾਂ ਸਮੇ ਸਿਰ ਚੁੱਕੀਆਂ ਜਾਣਗੀਆਂ ਅਤੇ ਆੜਤੀਆਂ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਗਰਾਉਂ ਸ਼ਹਿਰ ਅਤੇ ਮੰਡੀ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਠੰਡੇ ਪਾਣੀ ਦੇ ਵਾਟਰ ਕੂਲਰ ਲਗਾਉਣ ਵਾਲੇ ਉਘੇ ਸਮਾਜ ਸੇਵੀ ਹਰਸ਼ ਜੈਨ ਲੈਬਾਰਟਰੀ ਵਾਲਿਆਂ ਦਾ ਵਿਸ਼ੇਸ਼ ਤੌਰਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮੰਡੀ ਬੋਰਡ ਵਿੱਚ ਸੇਵਾ ਨਿਭਾਉਂਦੇ ਹੋਏ ਸਵਰਗਵਾਸ ਹੋ ਗਏ ਕੀਮਤੀ ਲਾਲ ਸੁਪਰਵਾਈਜ਼ਰ ਦੇ ਲੜਕੇ ਅਸ਼ੀਸ਼ ਅਰੋੜਾ ਨੂੰ ਤਰਸ ਦੇ ਅਧਾਰ 'ਤੇ ਨਿਯੁੱਕਤੀ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮੰਡੀ ਬੋਰਡ ਅਧਿਕਾਰੀ ਗੁਰਮਤਪਾਲ ਸਿੰਘ ਗਿੱਲ, ਗਿਆਨ ਸਿੰਘ ਸੁਪਰਡੈਂਟ, ਪਰਮਿੰਦਰ ਸਿੰਘ ਜੇਈ, ਰਵਿੰਦਰ ਸਿੰਘ, ਹਰਸ਼ ਜੈਨ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਸਵਰਨਜੀਤ ਸਿੰਘ ਆੜਤੀ, ਜਗਜੀਤ ਸਿੰਘ ਆੜਤੀ, ਮਨਜਿੰਦਰ ਸਿੰਘ ਖਹਿਰਾ, ਪ੍ਰਲਾਦ ਸਿੰਗਲਾ, ਆਪ ਆਗੂ ਕੁਲਵਿੰਦਰ ਸਿੰਘ ਕਾਲਾ, ਅਮਰਦੀਪ ਸਿੰਘ ਟੂਰੇ ਆਦਿ ਵੀ ਹਾਜ਼ਰ ਸਨ।
News By ; Manjinder Gill ( 7888466199 )