ਕਿਰਤੀ ਕਿਸਾਨ ਯੂਨੀਅਨ ਨੇ ਲਵਾਈ ਹਾਜ਼ਰੀ
4 ਅਗਸਤ ਦੀ ਮੀਟਿੰਗ ਵਿੱਚ ਸਭ ਨੂੰ ਸੱਦਾ
ਜਗਰਾਉਂ 2 ਅਗਸਤ ( ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 133ਵੇਂ ਦਿਨ ਵੀ ਜਾਰੀ ਰਿਹਾ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 4 ਅਗਸਤ ਨੂੰ ਸਾਰੀਆਂ ਸੰਘਰਸੀਲ਼ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਵੇਗੀ। ਜਿਸ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਨਵਾਂ ਪ੍ਰੋਗਰਾਮ ਉਲੀਕਣ ਸਬੰਧੀ ਵਿਚਾਰਾਂ ਹੋਣਗੀਆਂ। ਉਨ੍ਹਾਂ ਸਾਰੀਆਂ ਹੀ ਭਰਾਤਰੀ ਇਨਸਾਫ਼ ਪਸੰਦ ਜੱਥੇਬੰਦੀਆਂ ਨੂੰ ਅਪੀਲ਼ ਕੀਤੀ ਕਿ 4 ਅਗਸਤ ਦੀ ਮੀਟਿੰਗ ਵਿੱਚ ਹਰ ਹਾਲ਼ਤ ਭਾਗ ਲੈਣ ਅਤੇ ਗਰੀਬ ਮ੍ਰਿਤਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਆਪਣਾ ਯੋਗਦਾਨ ਪਾਉਣ। ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਰੂਪ ਸਿੰਘ ਝੋਰੜਾਂ ਨੇ ਡੀ.ਜੀ.ਪੀ. ਪੰਜਾਬ, ਮੁੱਖ ਮੰਤਰੀ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ 16 ਸਾਲਾਂ ਬਾਦ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਕਰੀਬ 17 ਸਾਲ ਤਸੱਸ਼ਦ ਝੱਲ਼ਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਭਗਵੰਤ ਮਾਨ ਦੀ ਸਰਕਾਰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਪਰਿਵਾਰ ਗਰੀਬ ਅਨੁਸੂਚਿਤ ਜਾਤੀ ਦਾ ਪਰਿਵਾਰ ਹੋਣ ਕਰਕੇ ਸਰਕਾਰੀ ਇਨਸਾਫ਼ ਤੋਂ ਵਾਂਝਾ ਹੈ। ਇਥੇ ਅਮੀਰ ਲੋਕਾਂ ਦੀ ਹੀ ਸੁਣਵਾਈ ਹੈ ਗਰੀਬ ਦਰ-ਦਰ ਭਟਕਦਾ ਫਿਰਦਾ ਹੈ। ਮਾਤਾ ਨੇ ਇਹ ਵੀ ਕਿਹਾ ਕਿ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਮੈਂ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਹਾਂ। ਗਰੀਬ ਲੋਕਾਂ ਦਾ ਇਥੇ ਕੋਈ ਦਰਦਮੰਦ ਨਹੀਂ ਹੈ। ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਪ੍ਰਧਾਨ ਮਦਨ ਸਿੰਘ ਜਗਰਾਉਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਨਸਾਫ਼ ਪਸੰਦ ਆਗੂਆਂ ਦੀ ਇਕ ਸਾਂਝੀ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ ਮਾਣੂੰਕੇ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।