ਹਠੂਰ, (ਕੌਸ਼ਲ ਮੱਲ੍ਹਾ)-ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਤੇ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਦੋਵੇਂ ਸੰਸਥਾਵਾਂ ਦੇ ਪ੍ਰਧਾਨ ਡਾ. ਬਲਦੇਵ ਸਿੰਘ ਤੇ ਪ੍ਰਧਾਨ ਰਛਪਾਲ ਸਿੰਘ ਚਕਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ’ਚ ਸ਼੍ਰੋਮਣੀ ਗੀਤਕਾਰ ਤੇ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ ਜਦਕਿ ਪ੍ਰਸਿੱਧ ਕਹਾਣੀਕਾਰ ਪ੍ਰੋ. ਗੁਰਦੇਵ ਸਿੰਘ ਸੰਦੌੜ ਅਤੇ ਕੈਪਟਨ ਸੋਹਨ ਸਿੰਘ ਵਿਸ਼ੇਸ਼ ਮਹਿਮਾਨ ਸਨ।ਇਸ ਮੌਕੇ ਸਮਾਗਮ ’ਚ ਉੱਭਰ ਰਹੇ ਸ਼ਾਇਰ ਰੂੰਮੀ ਰਾਜ ਦੇ ਪਲੇਠੇ ਕਾਵਿ ਸੰਗ੍ਰਹਿ ‘ਰੂਹੋਂ ਕਿਰਦੇ ਬੋਲ’ ਨੂੰ ਸਮੂਹ ਮਹਿਮਾਨਾਂ ਅਤੇ ਅਦੀਬਾਂ ਨੇ ਸਾਂਝੇ ਤੌਰ ’ਤੇ ਲੋਕ ਅਰਪਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ, ਪ੍ਰੋ. ਗੁਰਦੇਵ ਸਿੰਘ ਸੰਦੌੜ, ਪ੍ਰਧਾਨ ਡਾ. ਬਲਦੇਵ ਸਿੰਘ, ਪ੍ਰਧਾਨ ਰਛਪਾਲ ਸਿੰਘ ਚਕਰ, ਕੈਪਟਨ ਪੂਰਨ ਸਿੰਘ ਗਗੜਾ, ਬੀਬੀ ਮਨਜੀਤ ਕੌਰ ਦੇਹੜਕਾ ਨੇ ਰੂੰਮੀ ਰਾਜ ਨੂੰ ਉਸ ਦੇ ਪਲੇਠੇ ਕਾਵਿ ਸੰਗ੍ਰਹਿ ਦੀਆਂ ਵਧਾਈਆਂ ਦਿੱਤੀਆਂ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਸ੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ‘ਦੇਸ਼ ਲਈ ਜੋ ਮਰਦੇ, ਮਰਕੇ ਵੀ ਜਿਊਂਦੇ ਨੇ’ ਗੀਤ ਸੁਣਾ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਗਾਇਕ ਮਨੀ ਹਠੂਰ ਨੇ ‘ਮਾਂ’ ਗੀਤ, ਸ਼ਾਇਰ ਮਹਿੰਦਰ ਸੰਧੂ ਨੇ ‘ਕਹਿੰਦੇ ਸਾਉਣ ਮਹੀਨਾ ਹੁਣ ਤਾਂ ਹਰਿਆ ਹੋਜੇਂਗਾ’, ਜਗਦੀਸ਼ਪਾਲ ਮਹਿਤਾ ਨੇ ‘ਮੈਨੂੰ ਸਾਂਭ ਲਉ ਲੋਕੋ ਸੱਭਿਆਚਾਰ ਦੁਹਾਈਆਂ ਪਾਉਂਦਾ’, ਕੈਪਟਨ ਪੂਰਨ ਸਿੰਘ ਗਗੜਾ ਨੇ ਆਪਣੇ ਅੰਦਾਜ਼ ’ਚ ਸ਼ੇਅਰ ਸੁਣਾ ਕੇ ਹਾਜ਼ਰੀ ਭਰੀ। ਡਾ. ਮਨਜਿੰਦਰ ਸਿੰਘ ਗਿੱਲ ਨੇ ਰੂੰਮੀ ਰਾਜ ਨੂੰ ਵਧਾਈਆਂ ਦਿੰਦਿਆਂ ਕਿਹਾ ਕੇ ਚੰਗਾ ਸਾਹਿਤ ਨਿਰੋਏ ਸਮਾਜ ਦੀ ਸਿਰਜਣਾ ਕਰਦਾ ਹੈ।ਇਸ ਮੌਕੇ ਪ੍ਰਸਿੱਧ ਗੀਤਕਾਰ ਸਿੱਧੂ ਸਰਬਜੀਤ, ਗੀਤਕਾਰ ਗੋਨੀ ਠੁੱਲ਼ੀਵਾਲ, ਗੀਤਕਾਰ ਜੀਤ ਛੱਜਾਵਾਲ, ਗੀਤਕਾਰ ਪ੍ਰੀਤ ਖੇਤਲਾ, ਗੀਤਕਾਰ ਸੂਫ਼ੀ ਸ਼ਾਇਰ ਸੀਰਾ ਲੁਹਾਰ,ਲੋਕ ਗਾਇਕ ਜੱਸੀ ਹਰਦੀਪ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।ਆਰਟਿਸਟ ਜਗਤਾਰ ਕਲਸੀ ਨੇ ਹਾਸ ਵਿਅੰਗ, ਪ੍ਰਧਾਨ ਸ਼ਿੰਗਾਰਾ ਸਿੰਘ ਰੂੰਮੀ ਨੇ ‘ਅੱਖੀਆਂ ਤੂੰ ਪੂੰਝ ਬਾਬਲਾ ਧੀਆਂ ਧੰਨ ਸੀ ਪਰਾਇਆ ਤੇਰੀ’ ਗੀਤ ਤਰੰਨੁਮ ’ਚ ਗਾ ਕੇ ਮਹੌਲ ਸੰਜ਼ੀਦਗਾ ਬਣਾ ਦਿੱਤਾ।ਸ਼ਾਇਰ ਰੂੰਮੀ ਰਾਜ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ਦੀ ਹੀ ਇਕ ਖੂਬਸੂਰਤ ਰਚਨਾ ਸਾਂਝੀ ਕੀਤੀ। ਪ੍ਰਧਾਨ ਡਾ. ਬਲਦੇਵ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਦੋਵੇਂ ਸੰਸਥਾਵਾਂ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਸ਼ਾਇਰ ਰੂੰਮੀ ਰਾਜ ਦਾ ਸਨਮਾਨ ਕੀਤਾ ਗਿਆ। ਆਖ਼ਿਰ ’ਚ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਛਿੰਦਾ ਨੇ ਵਾਖੂਬੀ ਨਿਭਾਈ। ਇਸ ਮੌਕੇ ਉਨ੍ਹਾ ਨਾਲ ਪ੍ਰੋ. ਗੁਰਦੇਵ ਸਿੰਘ ਸੰਦੌੜ, ਬੀਬੀ ਮਨਜੀਤ ਕੌਰ ਦੇਹੜਕਾ, ਸਰਪੰਚ ਕਰਮਜੀਤ ਸਿੰਘ ਕੱਕੂ, ਨੰਬਰਦਾਰ ਜਸਵੀਰ ਸਿੰਘ ਸੀਰਾ, ਨਵਪ੍ਰੀਤ ਚੀਮਾ, ਜਸਪ੍ਰੀਤ ਜਿੰਮੀ, ਮਾ. ਅਵਤਾਰ ਸਿੰਘ ਡੀ. ਪੀ.,ਲੇਖਕ ਕੁਲਦੀਪ ਸਿੰਘ ਲੋਹਟ ਆਦਿ ਹਾਜ਼ਰ ਸਨ।