You are here

ਕੈਮੀਕਲ ਇੰਜੀਨੀਅਰ ਬਣਨ ਦੀ ਚਾਹਵਾਨ ਹੈ ਅਨਮੋਲ ਜਵੰਦਾ, 10ਵੀਂ ਦੇ ਨਤੀਜਿਆਂ 'ਚੋਂ 94 ਫ਼ੀਸਦੀ ਅੰਕ ਕੀਤੇ ਹਾਸਲ

 

ਸਮਾਣਾ, 25 ਜੁਲਾਈ (ਪੱਤਰ ਪ੍ਰੇਰਕ ) – ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਡੀ.ਏ.ਵੀ ਸਕੂਲ ਸਮਾਣਾ ਦੀ ਹੋਣਹਾਰ ਵਿਦਿਆਰਥਣ ਅਨਮੋਲ ਜਵੰਦਾ  ਪੁੱਤਰੀ ਹਰਜਿੰਦਰ ਸਿੰਘ ਜਵੰਦਾ  ਨੇ 94 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।ਜਿਸ ਦੇ ਚਲਦਿਆਂ ਸਕੂਲ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ, ਸ਼ਹਿਰ ਦੀ ਮਾਣਮੱਤੀ ਸ਼ਖਸੀਅਤ ਡਾ. ਮਦਨ ਮਿੱਤਲ, ਉੱਘੇ ਸਮਾਜ ਸੇਵੀ ਬਾਲ ਕ੍ਰਿਸ਼ਨ ਗੁਪਤਾ  ਅਤੇ ਸਕੁੂਲ ਅਧਿਆਪਕਾਂ ਨੇ ਅਨਮੋਲ ਜਵੰਦਾ ਅਤੇ ਉਸ ਦੇ ਪਿਤਾ  ਹਰਜਿੰਦਰ ਸਿੰਘ ਜਵੰਦਾ   ਨੂੰ ਵਧਾਈ ਦਿੱਤੀ।ਅਨਮੋਲ ਜਵੰਦਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ, ਸਕੂਲ ਪ੍ਰਿੰਸੀਪਲ ਅਤੇ ਸਕੂਲ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ  ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਜੀਵਨ ਵਿਚ ਕੁੱਝ ਵਿਲੱਖਣ ਕਰਨਾ ਲੋਚਦੀ ਹਾਂ ਅਤੇ  ਮੈਂ ਕੈਮੀਕਲ ਇੰਜੀਨੀਅਰ ਬਣਨਾ  ਚਾਹੁੰਦੀ ਹਾਂ ਅਤੇ ਆਪਣੇ ਇਸ   ਸੁਪਨੇ ਨੂੰ  ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਾਂਗੀ।ਇਸ ਮੌਕੇ ਡਾ. ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਡੀ ਏ ਵੀ ਸਕੂਲ  ਵਿਖੇ ਆਏ  ਚੰਗੇ ਨਤੀਜੇ ਸਕੂਲ ਸਟਾਫ਼ ਦੀ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਅਤੇ ਵਿਦਿਆਰਥੀਆਂ  ਦੀ ਲਗਨ ਦਾ ਨਤੀਜਾ ਹਨ । ਉਹ ਅਤੇ ਉਨ੍ਹਾਂ ਦਾ ਸਟਾਫ਼ ਬੱਚਿਆਂ ਦੇ ਅੱਗੇ ਵਧਣ ਵਿਚ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਉਨ੍ਹਾਂ ਦੇ ਬੱਚੇ ਅੱਜ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ ।ਅਨਮੋਲ ਦੇ ਪਿਤਾ ਹਰਜਿੰਦਰ ਸਿੰਘ ਜਵੰਦਾ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੀ ਧੀ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਈਏ ਤਾਂ ਜੋ ਉਹ ਆਪਣੇ ਮਨ ਵਿਚ ਸੰਜੋਏ ਸੁਪਨੇ ਨੂੰ ਪੂਰਾ ਕਰ ਸਕੇ । ਉਨ੍ਹਾਂ ਨੇ ਆਪਣੀ ਧੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।