You are here

104ਵੇਂ ਦਿਨ ਵੀ ਥਾਣੇ ਅੱਗੇ ਗਰਜ਼ੇ ਕਿਸਾਨ-ਮਜ਼ਦੂਰ ਆਗੂ !

ਭਗਵੰਤ ਮਾਨ ਦੀ ਸਰਕਾਰ ਗਰੀਬਾਂ ਦੀ ਵਿਰੋਧੀ - ਅਵਤਾਰ ਰਸੂਲਪੁਰ 

ਜਗਰਾਉਂ 4 ਜੁਲਾਈ ( ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਬਣੀ ਆਮ ਅਾਦਮੀ ਦੀ ਸਰਕਾਰ ਦਾ ਧਿਆਨ ਆਮ ਲੋਕਾਂ ਦੀ ਸਮੱਸਿਆਵਾਂ ਦੇ ਸਮਾਧਾਨ ਵੱਲ਼ ਬਿਲਕੁੱਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਚੁਟਕਲੇ ਸੁਣਾ ਕੇ ਪੰਜਾਬ ਦੇ ਆਮ ਭੋਲੇ-ਭਾਲ਼ੇ ਲੋਕਾਂ ਨੂੰ ਗੁੰਮਰਾਹ ਕਰਕੇ ਸਤਾ ਹਥਿਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸਲ਼ ਵਿੱਚ ਲੋਕਾਂ ਨੇ 'ਆਪ" ਪਾਰਟੀ ਨੂੰ ਨਹੀਂ ਜਿਤਾਇਆ ਸਗੋਂ ਅਕਾਲੀਆਂ-ਕਾਂਗਰਸੀਆਂ  ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਹਰਾਇਆ ਹੈ, ਕਿ ਸ਼ਾਇਦ ਲੋਕਾਂ ਦੇ ਦੁੱਖਾਂ-ਦਰਦਾਂ ਦੀ ਸੁਣਵਾਈ ਹੋਵੇਗੀ ਪਰ ਲੋਕਾਂ ਦਾ ਇਹ ਭਰਮ ਹੀ ਸਾਬਤ ਹੋਇਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਏਥੇ ਤਾਂ ਸਾਨੂੰ 3 ਮਹੀਨੇ ਹੋ ਗਏ ਨੇ ਥਾਣੇ ਮੂਹਰੇ ਬੈਠਿਆ ਨੂੰ ਜੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਫਿਰ ਆਮ ਲੋਕਾਂ ਨੂੰ ਇਨਸਾਫ਼ ਕਿਵੇਂ ਮਿਲ ਸਕੇਗਾ? ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਲੋਕਾਂ ਵਿਰੋਧੀ ਵਤੀਰੇ ਪ੍ਰਤੀ ਸੰਜ਼ੀਦਗੀ ਨਾਲ ਵਿਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ "ਆਪ" ਲੀਡਰਾਂ ਦੇ ਲੋਕਾਂ ਵਿਰੋਧੀ ਨਜ਼ਰੀਏ ਨੂੰ ਨੰਗਾ ਕਰਨ ਲਈ ਵੀ ਮੁਹਿੰਮ ਚਲਾਈ ਜਾਵੇਗੀ।ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜੀ, ਅਜਾਇਬ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜਗਰੂਪ ਸਿੰਘ ਅੱਚਰਵਾਲ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਗੁਰਚਰਨ ਸਿੰਘ ਬਾਬੇਕਾ ਬਲਵਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਅਤੇ ਸਿਆਸੀ ਲੀਡਰਾਂ ਦੇ ਗਿਰਗਟੀ ਵਿਵਹਾਰ ਦੀ ਰੱਜ ਕੇ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਦੇ ਖਿਲਾਫ਼ ਜਨਤਕ ਜੱਥੇਬੰਦੀਆਂ ਪਿਛਲੇ 3 ਮਹੀਨੇ ਤੋ ਪੱਕਾ ਮੋਰਚਾ ਲਗਾ ਕੇ ਇਨਸਾਫ਼ ਲੈਣ ਲਈ ਬੈਠੇ ਹਨ ਪਰ ਮੁਕੱਦਮੇ ਦੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਸਮੇਂ ਸਤਿਕਾਰ ਕਮੇਟੀ ਵਲੋਂ ਮੋਹਣ ਸਿੰਘ, ਕਿਸਾਨ ਸਭਾ ਵਲੋਂ ਬੂਟਾ ਹਾਂਸ, ਵੀਰ ਸਿੰਘ ਲੱਖਾ ਤੇ ਬਚਿੱਤਰ ਸਿੰਘ ਝੋਰੜਾਂ ਵੀ ਹਾਜ਼ਰ ਸਨ।