ਫੈਸਲਾਕੁੰਨ ਜੰਗ ਲਈ ਅਗਲੀ ਸਾਂਝੀ ਮੀਟਿੰਗ ਜਲ਼ਦ-ਤਰਲੋਚਨ ਝੋਰੜਾਂ
ਜਗਰਾਉਂ 29 ਜੂਨ ( ਗੁਰਕੀਰਤ ਜਗਰਾਉਂ ) ਅੱਜ 99ਵੇਂ ਦਿਨ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿੰਨਾਂ ਮਰਜ਼ੀ ਕਿਰਤੀ ਲੋਕਾਂ ਦਾ ਸਬਰ ਪਰਖ ਲਵੇ, ਲੋਕ ਇਨਸਾਫ਼ ਲੈ ਕੇ ਦਮ ਲੈਣਗੇ। ਉਨਾਂ ਕਿਹਾ ਪੁਲਿਸ ਅੱਤਿਆਚਾਰਾਂ ਖਿਲਾਫ਼ ਨਿਰਣਾਇਕ ਜੰਗ ਲਈ ਜਿਥੇ ਜਲ਼ਦ ਹੀ ਸਾਰੀਆਂ ਸੰਘਰਸ਼ੀਲ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾਈ ਜਾ ਰਹੀ ਹੈ, ਉਥੇ ਲੋਕਾਂ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਚੱਲ ਰਹੀਆਂ ਨੁੱਕੜ ਮੀਟਿੰਗਾਂ ਦਾ ਸਿਲਸਲਾ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਚ ਪਹੁੰਚੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਆਗੂ ਜਗਮੋਹਣ ਸਿੰਘ ਸਬੱਦੀ ਤੇ ਮਹਿਤਾ ਸਿੰਘ ਸਬੱਦੀ ਨੇ ਕਿਹਾ ਜੇਕਰ ਲੋਕ ਭਾਰਤ ਦੀ ਮੋਦੀ ਸਰਕਾਰ ਨੂੰ ਝੁਕਾਅ ਸਕਦੇ ਹਨ ਤਾਂ ਪੁਲਿਸ ਪ੍ਰਸਾਸ਼ਨ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਨਿਆਂ ਲਏ ਬਿਨਾਂ ਪਿੱਛੇ ਹਟਣ ਵਾਲੇ ਨਹੀਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਏਕੇ ਦੇ ਬਲ਼ ਨਾਲ ਲੜਿਆ ਜਾਣ ਵਾਲਾ ਇਹ ਸੰਘਰਸ਼ ਮੋਰਚਾ ਭਗਵੰਤ ਮਾਨ ਦੀ ਸਰਕਾਰ ਦੇ ਕੱਫਣ ਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ "ਆਪ" ਤੋਂ ਮਹਿਜ਼ 3 ਮਹੀਨਿਆਂ ਚ ਹੀ ਲੋਕ ਦਾ ਮੋਹ ਭੰਗ ਹੋ ਗਿਆ ਏ ਅਸਲ਼ੀਅਤ ਸਾਹਮਣੇ ਆ ਗਈ ਏ ਇਹ ਸਰਕਾਰ ਵੀ ਗਰੀਬਾਂ ਨੂੰ ਕੁਚਲ਼ਣ ਵਾਲੀ ਸਰਕਾਰ ਹੋ ਨਿਬੜੇਗੀ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ ਨੇ ਕਿਹਾ ਕਿ 99 ਦਿਨ ਲੰਘਣ ਦੇ ਬਾਵਜੂਦ ਕੋਈ ਸੁਣਵਾਈ ਨਾਂ ਹੋਣ ਤੋਂ ਇੰਝ ਲਗਦਾ ਏ "ਭਗਵੰਤ ਮਾਨ ਸਰਕਾਰ" ਨੂੰ ਮਜ਼ਦੂਰਾਂ ਦੇ ਮਸਲ਼ਿਆਂ ਨਾਲ਼ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਅਤੇ ਉਸ ਦੇ 92 ਵਿਧਾਇਕਾਂ ਨੇ ਮਜ਼ਦੂਰਾਂ ਨੂੰ ਹਾਸ਼ੀਏ ਤੇ ਰੱਖਿਆ ਹੋਇਆ ਹੈ।
ਕਿਸਾਨ ਸਭਾ ਅਤੇ ਮਨੁੱਖੀ ਅਧਿਕਾਰ ਆਗੂ ਬੂਟਾ ਸਿੰਘ ਹਾਂਸ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਨਿਆਂ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਬਿਲਕੁੱਲ ਫੇਲ਼ ਸਾਬਤ ਹੋ ਰਹੀ ਹੈ। ਉਨ੍ਹਾਂ ਆਮ ਅਦਮੀ ਦੇ ਹਲਕਾ ਵਿਧਾਇਕ ਨੂੰ ਵੀ ਗਰੀਬ ਵਿਰੋਧੀ ਦੱਸਿਆ।
ਦੱਸਣਯੋਗ ਹੈ ਕਿ ਪੁਲਿਸ ਅੱਤਿਆਚਾਰ ਕਾਰਨ ਫੌਤ ਹੋ ਚੁੱਕੀ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਚ ਨਿਆਂ ਵਾਸਤੇ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ 99ਵੇਂ ਦਿਨ ਧਰਨੇ ਵਿੱਚ ਨਿਹੰਗ ਸਿੰਘ ਚੜ੍ਤ ਸਿੰਘ ਗਗੜਾ, ਪ੍ਰਿੰਸੀਪਲ ਪਰਮਜੀਤ ਸਿੰਘ ਠੇਕੇਦਾਰ ਅਵਤਾਰ ਸਿੰਘ, ਮੋਹਣ ਸਿੰਘ ਸਿਵੀਆ, ਸੋਨੀ ਜਗਰਾਉਂ, ਗੁਰਚਰਨ ਸਿੰਘ ਬਾਬੇਕਾ, ਬਲਵਿੰਦਰ ਬੱਬੀ ਆਦਿ ਹਾਜ਼ਰ ਸਨ।