You are here

ਵਿਧਾਇਕ ਇਯਾਲੀ ਨੇ ਵਿਧਾਨ ਸਭਾ ਚ ਦੁੱਧ ਤੇ ਖੇਤੀਬਾੜੀ ਸੁਸਾਇਟੀਆਂ ਦੀ ਚੋਣ ਵਿੱਚ ਧੱਕੇਸ਼ਾਹੀ ਦਾ ਮੁੱਦਾ ਉਠਾਇਆ


ਮੁੱਖ ਮੰਤਰੀ ਇਨ੍ਹਾਂ ਸੁਸਾਇਟੀਆਂ ਦੀ ਪਾਰਦਰਸ਼ੀ ਚੋਣ ਯਕੀਨੀ ਬਣਾਉਣ  

ਮੁੱਲਾਪੁਰ ਦਾਖਾ, 25 ਜੂਨ (ਸਤਵਿੰਦਰ ਸਿੰਘ ਗਿੱਲ)ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ  ਦੁੱਧ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ  ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਧੱਕੇਸ਼ਾਹੀਆਂ ਅਤੇ ਕਿਸਾਨੀ ਦੀ ਬਿਹਤਰੀ ਦਾ ਮੁੱਦਾ ਉਠਾਉਂਦਿਆਂ ਇਨ੍ਹਾਂ ਸੁਸਾਇਟੀਆਂ ਵਿੱਚ ਸਿਆਸੀ ਪ੍ਰਭਾਵ ਤੋਂ ਮੁਕਤ ਨਿਰੋਲ ਕਿੱਤੇ ਨਾਲ ਜੁੜੇ ਲੋਕਾਂ ਨੂੰ ਅੱਗੇ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੁੱਧ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਦੀ ਪ੍ਰਬੰਧਕੀ ਚੋਣ ਵਿਚ ਕਿੱਤੇ ਨਾਲ ਜੁੜੇ ਲੋਕਾਂ ਦੀ ਬਜਾਏ ਸਿਆਸੀ ਘੜੰਮ ਚੌਧਰੀਆਂ ਦਾ ਬੋਲਬਾਲਾ ਹੋ ਗਿਆ ਹੈ ਜਿਸ ਕਾਰਨ ਇਨ੍ਹਾਂ ਸੁਸਾਇਟੀਆਂ ਤੋਂ ਮਿਲਣ ਵਾਲੇ ਲਾਭ ਆਮ ਕਿਸਾਨਾਂ ਅਤੇ ਪਸ਼ੂ ਪਾਲਕਾਂ ਤਕ ਨਹੀਂ ਪਹੁੰਚ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਵਿੱਚ ਖੇਤੀ ਅਤੇ  ਪਸ਼ੂ ਪਾਲਣ ਨੇ ਵੱਡਾ ਹਿੱਸਾ ਪਾਇਆ ਹੈ ਅਤੇ ਸੂਬੇ ਅੰਦਰ ਹਰੀ ਅਤੇ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਸਹਿਕਾਰਤਾ ਲਹਿਰ ਦਾ ਵੱਡਾ ਯੋਗਦਾਨ ਹੈ। ਵਿਧਾਇਕ ਇਯਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਜਨੀਤੀ ਅੰਦਰ ਬਦਲਾਅ ਦੇ ਮੁੱਦੇ ਤੇ ਸੱਤਾ ਵਿਚ ਆਈ ਹੈ  ਪ੍ਰੰਤੂ ਆਪ ਦੀ ਰਾਜਨੀਤੀ ਵਿਚ ਬਦਲਾਅ ਜ਼ਮੀਨੀ ਪੱਧਰ ਉੱਪਰ ਕਿਤੇ ਵੀ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਦੁੱਧ ਅਤੇ ਖੇਤੀਬਾੜੀ ਸੁਸਾਇਟੀਆਂ ਦੀਆਂ ਚੋਣਾਂ ਵਿੱਚ ਕਾਗਜ਼ ਰੱਦ ਕਰਕੇ ਗਲਤ ਢੰਗ ਨਾਲ ਮੈਂਬਰ ਬਣਾਏ ਜਾ ਰਹੇ ਹਨ  ਜਿਸ ਕਾਰਨ ਸਹਿਕਾਰਤਾ ਲਹਿਰ ਆਮ ਕਿਸਾਨ ਵਰਗ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ  ਤੋਂ ਮੰਗ ਕੀਤੀ ਕਿ ਉਹ ਆਉਣ ਵਾਲੇ ਸਮੇਂ ਅੰਦਰ ਇਹ ਯਕੀਨੀ ਬਣਾਉਣ ਕਿ ਖੇਤੀ ਅਤੇ ਦੁੱਧ ਸੁਸਾਇਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੀ ਚੋਣ ਸਿਆਸੀ ਪਰਛਾਵੇਂ ਤੋਂ ਮੁਕਤ ਪਾਰਦਰਸ਼ੀ ਢੰਗ ਨਾਲ ਹੋਵੇ ਅਤੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਮੈਂਬਰ ਹੀ ਇਨ੍ਹਾਂ ਸੋਸਾਇਟੀਆਂ ਦਾ ਹਿੱਸਾ ਬਣਨ ਤਾਂ ਜੋ ਕਿਸਾਨ ਵਰਗ ਨੂੰ ਸਹਿਕਾਰਤਾ ਲਹਿਰ ਦਾ ਸਹੀ ਢੰਗ ਨਾਲ ਲਾਭ ਪ੍ਰਾਪਤ ਹੋ ਸਕੇ