ਲੜੀ ਨੰਬਰ.2
ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਵੈਦਿਕ ਕਾਲ ਅਤੇ ਸਾਹਿਤ ਬਾਰੇ ਪੜ੍ਹਿਆ ਹੈ।ਹੁਣ ਅਸੀਂ ਅੱਗੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਸ ਸੱਭਿਅਤਾ ਨੇ ਪ੍ਰਾਚੀਨ ਭਾਰਤੀ ਲੋਕਾਂ ਦੇ ਜੀਵਨ ਦੇ ਹਰ ਪੱਖ ਉਪਰ ਕਿਵੇਂ ਪ੍ਰਭਾਵ ਪਾਇਆ।
ਉੱਤਰ ਵੈਦਿਕ ਦੀ ਸੱਭਿਅਤਾ ਭਾਰਤੀ ਆਰੀਆ ਦੀ ਉਸ ਸੱਭਿਅਤਾ ਨੂੰ ਕਹਿੰਦੇ ਸਨ ਜੋ ਕਿ ਰਿਗਵੈਦਿਕ ਕਾਲ ਤੋਂ ਕਈ ਸੌ ਸਾਲ ਪਿੱਛੋਂ ਦੀ ਸੱਭਿਅਤਾ ਹੈ। ਇਸ ਕਾਲ ਵਿੱਚ ਆਰੀਆ ਦੀ ਸੱਭਿਅਤਾ ਦਾ ਕੇਂਦਰ ਪੰਜਾਬ ਤੋਂ ਪੂਰਵ ਵੱਲ ਚਲਿਆ ਗਿਆ ਸੀ ਅਤੇ ਉਨ੍ਹਾਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ,ਅਤੇ ਸਮਾਜਿਕ ਪਰਿਵਰਤਨ ਆਏ।
ਰਾਜਨੀਤਿਕ ਵਿਵਸਥਾ ਵੈਦਿਕ ਕਾਲ ਵਿੱਚ ਆਰੀਆ ਦਾ ਪ੍ਰਸਾਰ ਹੋਇਆ। ਆਰੀਆ ਲੋਕਾਂ ਨੇ ਦਾਸੂ ਲੋਕਾਂ ਉੱਪਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਲੋਹੇ,ਪੱਥਰ, ਕਾਂਸੀ ਅਤੇ ਤਾਂਬੇ ਦੀ ਵਰਤੋਂ ਸ਼ੁਰੂ ਕੀਤੀ। ਮੰਨਿਆ ਜਾਂਦਾ ਹੈ ਕਿ ਵੰਗ ਕਬੀਲੇ ਦਾ ਵੀ ਜ਼ਿਕਰ ਆਉਂਦਾ ਹੈ। ਵੰਗ ਤੋਂ ਹੀ ਬੰਗਾਲ ਸ਼ਬਦ ਨਿਕਲਿਆ। ਉੱਤਰ ਵੈਦਿਕ ਕਾਲ ਦੇ ਸਾਹਿਤ ਵਿਚ ਰੇਵਾ ਅਥਵਾ ਨਰਮਦਾ ਨਦੀ ਦਾ ਵੀ ਜ਼ਿਕਰ ਆਉਂਦਾ ਹੈ।
ਇਸ ਕਾਲ ਵਿੱਚ ਕੁਰੂ ਰਾਜ ਹੋਂਦ ਵਿਚ ਆਇਆ। ਜਿਸਦੀ ਰਾਜਧਾਨੀ ਹਸਤਨਾਪੁਰ ਸੀ। ਇਸ ਰਾਜ ਦਾ ਪਹਿਲਾ ਰਾਜਾ ਪਰੀਕਸ਼ਤ ਸੀ।ਜਿਸਦਾ ਸ਼ਾਸਨ ਸੁਨਹਿਰੀ ਯੁਗ ਦੇ ਸਮਾਨ ਸੀ।ਉਸ ਸਮੇਂ ਦੇ ਰਾਜੇ ਸ਼ਕਤੀਸ਼ਾਲੀ ਬਣ ਗਏ ਅਤੇ ਉਨ੍ਹਾਂ ਨੇ ਅਧਿਰਾਜ, ਸਮਰਾਟ, ਵਿਰਾਟ ਆਦਿ ਉਪਾਧੀਆਂ ਧਾਰਨ ਕੀਤੀਆ।ਰਾਜੇ ਯੱਗ ਆਦਿ ਕਰਦੇ ਸਨ।
ਸਭਾ ਅਤੇ ਸਮਿਤੀ ਜੋ ਪਹਿਲਾ ਸ਼ਕਤੀਸ਼ਾਲੀ ਸਨ ਹੁਣ ਉਨ੍ਹਾਂ ਦੇ ਉਹ ਅਧਿਕਾਰ ਨਹੀਂ ਰਹੇ ਸਨ। ਅਥਰਵ ਵੇਦ ਅਨੁਸਾਰ ਸਭਾ ਅਤੇ ਸਮਿਤੀ ਪ੍ਰਜਾਪਤੀ ਦੀਆ ਦੋ ਸਮਾਨ ਬੇਟੀਆਂ ਸਨ। ਇਨ੍ਹਾਂ ਦੇ ਮੈਂਬਰ ਇਕੱਠੇ ਮਿਲ ਕੇ ਫ਼ੈਸਲਾ ਕਰਦੇ ਸਨ।
ਉੱਤਰ ਵੈਦਿਕ ਕਾਲ ਵਿੱਚ ਰਾਜ ਅਧਿਕਾਰੀਆ ਵਿੱਚ ਵੀ ਵਾਧਾ ਹੋਇਆ। ਪਰੋਹਿਤ, ਸੈਨਾਪਤੀ ਅਤੇ ਗ੍ਰਮਣੀ ਤੋਂ ਇਲਾਵਾ ਖਜਾਨਚੀ, ਭਾਗਦੁਹ, ਕਸ਼ੱਤਰੀ, ਸੂਤ, ਅਕਸ਼ਵਾਪ ਆਦਿ ਵੀ ਪਦ ਅਧਿਕਾਰੀ ਰਾਜ ਪ੍ਰਬੰਧ ਦਾ ਅੰਗ ਬਣ ਗਏ।
ਇਸ ਕਾਲ ਵਿੱਚ ਨਿਆ ਵਿਵਸਥਾ ਵਧੀਆ ਢੰਗ ਨਾਲ ਕਾਇਮ ਹੋਈ।ਮੁੱਖ ਨਿਆਧੀਸ਼ ਰਾਜਾ ਆਪ ਸੀ। ਸਜਾਵਾਂ ਅਪਰਾਧ ਅਨੁਸਾਰ ਦਿੱਤੀਆਂ ਜਾਂਦੀਆਂ ਸਨ ਉਸ ਸਮੇਂ ਪ੍ਰੀਖਿਆ ਲੈਣ ਦੀ ਪ੍ਰਥਾ ਵੀ ਕਾਇਮ ਸੀ।
ਆਰਥਿਕ ਜੀਵਨ ਇਸ ਕਾਲ ਦੇ ਲੋਕਾਂ ਦਾ ਮੁੱਖ ਕੰਮ ਖੇਤੀ ਬਾੜੀ ਸੀ। ਉਪਜਾਊਪਣ ਵਧਾਉਣ ਲਈ ਖਾਦ ਦੀ ਵਰਤੋਂ ਕੀਤੀ ਜਾਂਦੀ ਸੀ।ਇਸ ਕਾਲ ਵਿੱਚ ਲੋਹੇ ਦੇ ਸੰਦਾ ਦੀ ਵਰਤੋਂ ਕੀਤੀ ਜਾਂਦੀ ਸੀ।
ਖੇਤੀ ਬਾੜੀ ਤੋਂ ਇਲਾਵਾ ਲੋਕ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਸਨ ਜਿਵੇਂ ਗਊ, ਘੋੜਾ, ਬਲਦ, ਭੇਡ, ਬੱਕਰੀ ਆਦਿ।
ਇਸ ਕਾਲ ਵਿੱਚ ਲੋਕ ਕੱਪੜੇ ਬੁਣਨ, ਰੰਗਾਈ,ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਸਨ ਇਸ ਤੋਂ ਇਲਾਵਾ ਹੋਰ ਪੇਸ਼ਵਾ ਵਾਲੇ ਲੋਕ ਵੀ ਸਨ ਜਿਵੇਂ ਕਸਾਈ, ਘੁਮਿਆਰ, ਸੰਗੀਤਕਾਰ, ਨਾਈ, ਜੋਤਿਸ਼ੀ ਆਦਿ। ਉੱਤਰ ਵੈਦਿਕ ਕਾਲ ਵਿੱਚ ਖਣਿਜ ਪਦਾਰਥਾਂ ਦਾ ਜ਼ਿਕਰ ਵੀ ਮਿਲਦਾ ਹੈ ਜਿਵੇਂ ਸੋਨਾ, ਚਾਂਦੀ, ਲੋਹਾ, ਤਾਂਬਾ, ਸ਼ੀਸ਼ਾ ਆਦਿ।ਲੋਕ ਇਨ੍ਹਾਂ ਸਾਰੀਆਂ ਧਾਤੂਆਂ ਦੀ ਵਰਤੋਂ ਕਰਨ ਲੱਗੇ।
ਇਸ ਕਾਲ ਵਿੱਚ ਵਪਾਰ ਅਤੇ ਵਣਜ ਦਾ ਵਿਕਾਸ ਹੋਇਆ।ਇਸ ਕਾਲ ਵਿੱਚ ਸਤਮਾਨ ਅਤੇ ਕ੍ਰਿਸ਼ਨਲ ਨਾਂ ਦੇ ਸਿੱਕੇ ਚਾਲੂ ਹੋਏ। ਵਪਾਰੀਆਂ ਦੇ ਸੰਘ ਬਣੇ ਅਤੇ ਵਪਾਰ ਅਤੇ ਢੋਆ ਢੋਆਈ ਦਾ ਕੰਮ ਗੱਡੇ, ਰੱਥ, ਘੋੜਿਆਂ ਅਤੇ ਕਿਸ਼ਤੀਆਂ ਨਾਲ ਕੀਤਾ ਜਾਂਦਾ ਸੀ।
ਵੈਦਿਕ ਕਾਲ ਵਿੱਚ ਨਗਰਾ ਦੀ ਸਥਾਪਨਾ ਹੋਈ ਜੋ ਵਪਾਰਕ ਪੱਖੋਂ ਮਹੱਤਵਪੂਰਨ ਕੇਂਦਰ ਸਨ ਜਿਵੇਂ ਇੰਦਰਪ੍ਰਸਤ, ਵਿਦੇਹ, ਮਥੁਰਾ,ਰਾਜਗ੍ਰਹ, ਵੈਸ਼ਾਲੀ ਅਤੇ ਅਯੁੱਧਿਆ ਆਦਿ।
ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ਉੱਤਰ ਵੈਦਿਕ ਕਾਲ ਵਿੱਚ ਆਰੀਆ ਦੇ ਆਰਥਿਕ ਜੀਵਨ ਦਾ ਬੜਾ ਵਿਕਾਸ ਹੋਇਆ।
(ਬਾਕੀ ਵੇਰਵਾ ਅਗਲੇ ਅੰਕ ਵਿੱਚ)
ਪੂਜਾ 9815591967