You are here

ਰੇਲਵੇ ਬੋਰਡ ਦੇ ਨੋਟਿਸ ਤੋਂ ਬਾਅਦ ਇੰਦਰਾ ਕਲੋਨੀ ਦੇ ਨਿਵਾਸੀਆਂ ਤੇ ਉਜਾੜੇ ਦੀ ਤਲਵਾਰ ਲਟਕੀ 

ਵਿਧਾਇਕ ਇਯਾਲੀ ਨੇ ਕੇਂਦਰ ਸਰਕਾਰ ਤੋਂ ਆਵਾਸ ਯੋਜਨਾ ਤਹਿਤ ਪੀਡ਼ਤ ਪਰਿਵਾਰਾਂ ਨੂੰ ਮਕਾਨ ਦੇਣ ਦੀ ਕੀਤੀ ਮੰਗ   

ਪੰਜਾਬ ਸਰਕਾਰ ਵੀ ਮੁੜ ਵਸੇਬਾ ਸਕੀਮ ਤਹਿਤ ਪੀਡ਼ਤਾਂ ਦੀ ਲਵੇ ਸਾਰ

ਪੀਡ਼ਤ ਪਰਿਵਾਰਾਂ ਦੇ ਸਿਰ ਤੇ ਛੱਤ ਬਰਕਰਾਰ ਰੱਖਣ ਲਈ ਕਿਸੇ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ  ਇਯਾਲੀ 

ਮੁੱਲਾਂਪੁਰ ਦਾਖਾ , 20 ਜੂਨ (ਸਤਵਿੰਦਰ ਸਿੰਘ ਗਿੱਲ)
ਕਰੀਬ 60 ਸਾਲ ਤੋਂ ਮੁੱਲਾਂਪੁਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੰਦਰਾ ਕਲੋਨੀ ਵਿੱਚ ਪੱਕੇ ਮਕਾਨ ਬਣਾ ਕੇ ਰਹਿ ਰਹੇ ਪਰਿਵਾਰਾਂ ਨੂੰ ਰੇਲਵੇ ਬੋਰਡ ਵੱਲੋਂ ਜ਼ਮੀਨ ਖਾਲੀ ਕਰਨ ਦੇ ਨੋਟਿਸ  ਆਉਣ ਤੋਂ ਬਾਅਦ ਕਰੀਬ 2 ਸੌ ਪਰਿਵਾਰਾਂ ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਇੰਦਰਾ ਕਲੋਨੀ ਦੇ ਨਿਵਾਸੀਆਂ ਨੂੰ ਜ਼ਮੀਨ ਖਾਲੀ ਕਰਨ ਦੇ ਨੋਟਿਸ ਮਿਲਣ ਦਾ ਮਾਮਲਾ ਚਰਚਾ ਵਿੱਚ ਆਉਣ ਤੋਂ ਬਾਅਦ ਅੱਜ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਇੰਦਰਾ ਕਲੋਨੀ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ  ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਰੇਲਵੇ ਬੋਰਡ ਦੇ ਇਸ ਫੈਸਲੇ ਦੇ ਖਿਲਾਫ ਡਟ ਕੇ ਖੜ੍ਹਨਗੇ ਅਤੇ ਕਿਸੇ ਵੀ ਪਰਿਵਾਰ ਦੇ ਸਿਰ ਤੋਂ ਛੱਤ  ਨਹੀਂ ਜਾਣ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦੋ ਵਕਤ ਦੀ ਰੋਟੀ ਦਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਇੰਦਰਾ ਕਲੋਨੀ ਦੇ ਨਿਵਾਸੀਆਂ ਦੇ ਸਿਰ ਤੋਂ ਛੱਤ ਖੋਹਣ ਦਾ ਮਾਮਲਾ  ਬੇਹੱਦ ਮੰਦਭਾਗਾ ਹੈ। ਵਿਧਾਇਕ ਇਯਾਲੀ ਨੇ ਕਿਹਾ ਕਿ ਪਿਛਲੇ ਕਰੀਬ 60 ਸਾਲ ਤੋਂ ਪੱਕੇ ਮਕਾਨ ਬਣਾ ਕੇ ਰਹਿ ਰਹੇ ਇਨ੍ਹਾਂ ਪਰਿਵਾਰਾਂ ਦੇ ਮਕਾਨਾਂ ਅੰਦਰ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਵੀ ਲੱਗੇ  ਹੋਏ ਹਨ  ਅਤੇ ਜੇਕਰ ਹੁਣ ਰੇਲਵੇ ਬੋਰਡ ਵੱਲੋਂ ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾਣਾ ਹੈ ਤਾਂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਅਟੱਲ ਆਵਾਸ ਯੋਜਨਾ ਤਹਿਤ ਪੱਕੇ ਮਕਾਨ  ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਪਰਿਵਾਰਾਂ ਦੇ ਸਿਰ ਤੇ ਛੱਤ ਬਹਾਲ ਰਹਿ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਤੇ  ਆਮ ਲੋਕਾਂ ਦੀ ਦੁਹਾਈ ਦੇਣ ਵਾਲੀ ਆਪ ਸਰਕਾਰ ਤੋ ਮੁੜ ਵਸੇਬਾ ਸਕੀਮ ਤਹਿਤ ਇਨ੍ਹਾਂ ਆਮ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਵਿਧਾਨ ਸਭਾ ਅੰਦਰ ਆਵਾਜ਼ ਚੁੱਕਣਗੇ। ਉਨ੍ਹਾਂ ਕਿਹਾ ਕਿ ਇੰਦਰਾ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਗ਼ਰੀਬੀ ਤੋਂ ਹੇਠਾਂ ਰਹਿਣ ਵਾਲੇ ਲੋਕ ਹਨ ਜਿਨ੍ਹਾਂ ਤੋਂ ਇਹ ਜਗ੍ਹਾ ਖਾਲੀ ਕਰਵਾਉਣਾ ਬੇਹੱਦ ਸ਼ਰਮਨਾਕ ਹੈ। ਵਿਧਾਇਕ ਇਯਾਲੀ ਨੇ ਪੀਡ਼ਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਉਹ ਕਿਸੇ ਵੀ ਪਰਿਵਾਰ ਦਾ ਉਜਾੜਾ ਨਹੀਂ ਹੋਣ ਦੇਣਗੇ ਅਤੇ ਹਰ ਪਰਿਵਾਰ ਦੇ ਸਿਰ ਤੇ ਛੱਤ ਬਰਕਰਾਰ ਰੱਖਣ ਲਈ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।