ਸਾਊਥਾਲ ਵਿਖੇ ਸਿੱਧੂ ਮੂਸੇਵਾਲੇ ਨਮਿਤ ਭੋਗਾਂ ਦੀਆਂ ਸੇਵਾਵਾਂ ਸ ਗੁਰਮੇਲ ਸਿੰਘ ਮੱਲ੍ਹੀ, ਸ ਹਰਜੀਤ ਸਿੰਘ ਸਰਪੰਚ, ਸ ਕੁਲਵੰਤ ਸਿੰਘ ਮੱਲ੍ਹੀ, ਸ ਕੁਲਦੀਪ ਸਿੰਘ ਮੱਲ੍ਹੀ ਅਤੇ ਸ ਬਲਜੀਤ ਸਿੰਘ ਬੱਲੀ ਵੱਲੋਂ ਨਿਭਾਈਆਂ ਗਈਆਂ
ਸਾਊਥਾਲ /ਲੰਡਨ, 15 ਜੂਨ (ਅਮਨਜੀਤ ਸਿੰਘ ਖਹਿਰਾ ) ਸਿੱਧੂ ਮੂਸੇਵਾਲਾ ਦੇ ਘਿਨਾਉਣੇ ਕਤਲ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਕੋਈ ਪੰਜਾਬੀ ਵਸਦਾ ਹੈ ਇਸ ਦਾ ਵੱਡੇ ਪੱਧਰ ਤੇ ਸੋਗ ਮਨਾਇਆ ਜਾ ਰਿਹਾ ਹੈ ।ਇਸੇ ਤਰ੍ਹਾਂ ਇੰਗਲੈਂਡ ਦੀ ਧਰਤੀ ਤੇ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਬੀਤੇ ਸ਼ਨਿੱਚਰਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਈਆਂ ਅਤੇ ਆਪਣੇ ਹਰਮਨ ਪਿਆਰੇ ਥੋੜ੍ਹੇ ਦਿਨਾਂ ਵਿੱਚ ਲੋਕਾਂ ਦੇ ਦਿਲਾਂ ਦੇ ਉੱਪਰ ਵੱਡੀ ਛਾਪ ਛੱਡਣ ਵਾਲੇ ਦੁਨੀਆਂ ਵਿੱਚ ਗਾਇਕੀ ਦੇ ਖੇਤਰ ਅੰਦਰ ਦਸਤਾਰ ਦੇ ਨਾਲ ਝੰਡਾ ਗੱਡਣ ਵਾਲੇ ਬੜੀ ਛੋਟੀ ਉਮਰ ਵਿੱਚ ਸਿੱਖਾਂ ਦੀ ਪੀੜਾ ਨੂੰ ਅੰਦਰ ਤੋਂ ਸਮਝਣ ਵਾਲੇ ਮਸ਼ਹੂਰ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸ੍ਰੀ ਦਰਬਾਰ ਸਾਹਿਬ ਤੇ ਰਾਗੀ ਜਥਿਆਂ ਵੱਲੋਂ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ ਗੁਰੂ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਗਿਆ । ਇਸ ਸਮੇਂ ਵੱਖ ਵੱਖ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਹੁੰਦੇ ਵਿਛੜੀ ਰੂਹ ਦੀ ਬੇਵਕਤੀ ਮੌਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ , ਸ ਗੁਰਮੇਲ ਸਿੰਘ ਮੱਲ੍ਹੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ , ਸ ਹਰਜੀਤ ਸਿੰਘ ਸਰਪੰਚ , ਸ ਸੁਖਦੀਪ ਸਿੰਘ ਰੰਧਾਵਾ , ਸ ਮਨਪ੍ਰੀਤ ਸਿੰਘ ਬੱਧਣੀ , ਸ ਕਰਨਵੀਰ ਸਿੰਘ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਸਟੇਜ ਦੀ ਸੇਵਾ ਸਤਨਾਮ ਸਿੰਘ ਜੀ ਵੱਲੋਂ ਬਾਖੂਬੀ ਨਿਭਾਈ ਗਈ। ਅੱਜ ਸਿੱਧੂ ਮੂਸੇਵਾਲਾ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਸਮੇਂ ਹਰੇਕ ਇਨਸਾਨ ਦੇ ਮੁੱਖ ਵਿੱਚੋਂ ਇਹੀ ਨਿਕਲਦਾ ਸੁਣਿਆ ਗਿਆ ਕਿ ਪੰਜਾਬ ਅਤੇ ਭਾਰਤ ਸਰਕਾਰ ਨੌੰ ਲੋਕਾਂ ਦੇ ਹਰਮਨ ਪਿਆਰੇ ਗਾਇਕ ਇਕ ਮਾਂ ਬਾਪ ਦਾ ਇਕਲੌਤਾ ਸਹਾਰਾ ਹੋਣਹਾਰ ਸਪੁੱਤਰ ਨੂੰ ਇਨਸਾਫ਼ ਦੇਣ ਲਈ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਹੋਣਹਾਰ ਬੱਚਾ ਅਸੀਂ ਆਪਣੇ ਸਮਾਜ ਚੋਂ ਇਸ ਤਰ੍ਹਾਂ ਨਾ ਗਵਾਈਏ ।