ਲੁਧਿਆਣਾ 'ਚ 336 ਐਚ.ਆਈ.ਜੀ. ਤੇ 240 ਐਮ.ਆਈ.ਜੀ. ਫਲੈਟ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਅਲਾਟ ਕਰਨ ਦੇ ਨਿਰਦੇਸ਼
-ਵਸਨੀਕ ਲਿੰਕ https://youtu.be/lzoRZzHNkxY 'ਤੇ ਵੈੱਬਕਾਸਟਿੰਗ ਰਾਹੀਂ ਡਰਾਅ ਦੀ ਕਾਰਵਾਈ ਵੀ ਦੇਖ ਸਕਦੇ ਹਨ
ਲੁਧਿਆਣਾ, 13 ਜੂਨ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ ਅੰਤਿਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ, ਨਗਰ ਸੁਧਾਰ ਟਰੱਸਟ ਲੁਧਿਆਣਾ, ਅਟਲ ਅਪਾਰਟਮੈਂਟ ਸਕੀਮ ਦੇ ਤਹਿਤ 16 ਜੂਨ, 2022 ਨੂੰ ਨਹਿਰੂ ਸਿਧਾਂਤ ਕੇਂਦਰ, ਪੱਖੋਵਾਲ ਰੋਡ, ਵਿਖੇ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 240 ਮਿਡਲ ਇਨਕਮ ਗਰੁੱਪ (ਐਮ.ਆਈ. ਜੀ.) ਫਲੈਟਾਂ ਲਈ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਣ ਲਈ ਪੱਬਾਂ ਭਾਰ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਫਲੈਟਾਂ ਦਾ ਡਰਾਅ ਸਵੇਰੇ 10 ਵਜੇ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ ਅਤੇ ਯੋਗ ਬਿਨੈਕਾਰਾਂ ਦੀ ਅੰਤਿਮ ਸੂਚੀ ਟਰੱਸਟ ਦੀ ਅਧਿਕਾਰਤ ਵੈੱਬਸਾਈਟ www.ludhianaimprovementtrust.org 'ਤੇ ਅਪਲੋਡ ਅਤੇ ਨੋਟਿਸ ਬੋਰਡ 'ਤੇ ਵੀ ਚਿਪਕਾ ਦਿੱਤੀ ਗਈ ਹੈ ਜਿਸ ਨੂੰ ਆਮ ਲੋਕਾਂ ਦੁਆਰਾ ਚੈਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸਮਾਗਮ ਦੀ ਲਾਈਵ ਵੈਬਕਾਸਟਿੰਗ ਵੀ ਕੀਤੀ ਜਾਵੇਗੀ ਅਤੇ ਆਮ ਲੋਕ ਇਸ ਈਵੈਂਟ ਨੂੰ ਇਸ ਲਿੰਕ https://youtu.be/lzoRZzHNkxY 'ਤੇ ਕਲਿੱਕ ਕਰਕੇ ਆਨਲਾਈਨ ਦੇਖ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅੱਤ ਦੀ ਗਰਮੀ ਅਤੇ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਮਾਗਮ ਨੂੰ ਦੇਖ ਸਕਣ।ਡਿਪਟੀ ਕਮਿਸ਼ਨਰ ਨੇ ਡਰਾਅ ਕਰਵਾਉਣ ਲਈ ਤਾਇਨਾਤ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ- ਮੱਠ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੇਹੱਦ ਪੁਖਤਾ ਪ੍ਰਬੰਧ ਕੀਤੇ ਗਏ ਹਨ।ਐਲ.ਏ.ਸੀ. ਸ੍ਰੀਮਤੀ ਨੀਰੂ ਕਤਿਆਲ ਨੇ ਅੱਗੇ ਦੱਸਿਆ ਕਿ ਇਹ ਹਾਊਸਿੰਗ ਪ੍ਰੋਜੈਕਟ 8.8 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਜਿਹੜਾ ਕਿ ਕਮਿਊਨਿਟੀ ਸੈਂਟਰ, ਸਵੀਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਸੈਮੀ-ਫਰਨੀਸ਼ਡ ਫਲੈਟ ਨਗਰ ਸੁਧਾਰ ਟਰੱਸਟ ਵੱਲੋਂ 100 ਫੀਸਦੀ ਸਵੈ-ਵਿੱਤੀ ਆਧਾਰ 'ਤੇ ਬਣਾਏ ਜਾਣਗੇ।