ਲੜੀ ਨੰਬਰ.2
ਜਿਵੇਂ ਕਿ ਤੁਸੀਂ ਪਿਛਲੇ ਅੰਕ ਵਿੱਚ ਸ਼ਿਵਾ ਜੀ ਦੇ ਜੀਵਨ ਅਤੇ ਉਸਦੀਆਂ ਜਿੱਤਾ ਬਾਰੇ ਪੜ੍ਹਿਆ ਹੈ। ਸ਼ਿਵਾ ਜੀ ਨੇ ਇਨ੍ਹਾਂ ਜਿੱਤੇ ਹੋਏ ਇਲਾਕਿਆਂ ਦਾ ਕੁਸ਼ਲ ਸ਼ਾਸਨ ਪ੍ਰਬੰਧ ਕੀਤਾ।
ਡਾ. ਈਸ਼ਵਰੀ ਪ੍ਰਸ਼ਾਦ ਅਨੁਸਾਰ"ਸ਼ਿਵਾ ਜੀ ਨੇ ਅਜਿਹੇ ਸ਼ਾਸਨ ਪ੍ਰਬੰਧ ਦਾ ਸੰਗਠਨ ਕੀਤਾ ਜੋ ਕਈ ਗੱਲਾਂ ਵਿਚ ਮੁਗ਼ਲਾਂ ਦੇ ਸ਼ਾਸਨ ਪ੍ਰਬੰਧ ਤੋਂ ਵੀ ਵਧੇਰੇ ਕੁਸ਼ਲ ਸੀ।"
ਕੇਂਦਰੀ ਪ੍ਰਬੰਧ ਸ਼ਾਸਨ ਪ੍ਰਬੰਧ ਦਾ ਮੁਖੀਆ ਰਾਜਾ ਆਪ ਸੀ।ਸਾਰੇ ਅਧਿਕਾਰੀਆ ਨੂੰ ਰਾਜਾ ਆਪ ਹੀ ਨਿਯੁਕਤ ਕਰਦਾ ਸੀ ਅਤੇ ਆਪ ਹੀ ਹਟਾਉਂਦਾ ਸੀ। ਸ਼ਿਵਾ ਜੀ ਨੇ ਆਪਣੀਆਂ ਸ਼ਕਤੀਆਂ ਦੀ ਗਲਤ ਵਰਤੋਂ ਨਹੀਂ ਕੀਤੀ ਸੀ।
ਰਾਜੇ ਦੀ ਸ਼ਾਸਨ ਪ੍ਰਬੰਧ ਚਲਾਉਣ ਵਿੱਚ ਮੰਤਰੀ ਨਿਯੁਕਤ ਕੀਤੇ ਜਾਂਦੇ ਸਨ ਜੋ ਉਸਦੀ ਸਹਾਇਤਾ ਕਰਦੇ ਸਨ।ਸ਼ਿਵਾ ਜੀ ਨੇ ਅੱਠ ਮੰਤਰੀਆਂ ਦੀ ਇਕ ਕੌਸ਼ਿਲ ਤਿਆਰ ਕੀਤੀ ਜਿਸਨੂੰ ਅਸ਼ਟ ਪ੍ਰਧਾਨ ਕਿਹਾ ਜਾਂਦਾ ਸੀ। ਕੇਂਦਰੀ ਸਰਕਾਰ ਦੇ ਕੁੱਲ 18ਵਿਭਾਗ ਸਨ।ਅੱਠ ਮੰਤਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ
ਪੇਸ਼ਵਾ ਜਾਂ ਪ੍ਰਧਾਨ ਮੰਤਰੀ ਰਾਜ ਦਾ ਪ੍ਰਧਾਨ ਮੰਤਰੀ ਹੁੰਦਾ ਸੀ। ਸਰਕਾਰੀ ਕਾਗਜ਼ ਵਿੱਚ ਰਾਜੇ ਦੀ ਮੁਹਰ ਨੀਚੇ ਉਸਦੀ ਮੁਹਰ ਅਤੇ ਦਸਤਖ਼ਤ ਹੁੰਦੇ ਸਨ। ਰਾਜੇ ਦੀ ਗ਼ੈਰ ਹਾਜ਼ਰੀ ਵਿੱਚ ਉਹ ਪ੍ਰਤੀਨਿਧੀ ਵਜੋਂ ਰਾਜ ਦੇ ਸਾਰੇ ਕੰਮ ਕਰਦਾ ਸੀ। ਅਮਾਤਯ ਵਿੱਤ ਮੰਤਰੀ ਹੁੰਦਾ ਸੀ ਜੋ ਰਾਜ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਸੀ। ਮੰਤਰੀ ਰਾਜ ਦਾ ਵਾਕਿਆਨਵੀਸ ਸੀ ਜੋ ਰਾਜ ਦੇ ਰੋਜ ਦੇ ਕੰਮਾਂ ਦਾ ਰਿਕਾਰਡ ਰੱਖਦਾ ਸੀ। ਸਚਿਵ ਇਕ ਪ੍ਰਕਾਰ ਦਾ ਸੁਪਰਡੈਂਟ ਹੁੰਦਾ ਸੀ ਜੋ ਸਰਕਾਰੀ ਪੱਤਰਾਂ ਦੀ ਲਿਪੀ ਠੀਕ ਕਰਦਾ ਸੀ ਅਤੇ ਸਾਰੇ ਪੱਤਰਾਂ ਨੂੰ ਰਿਕਾਰਡ ਵਿੱਚ ਦਰਜ ਕਰਦਾ ਸੀ। ਸੁਮੰਤ ਇਹ ਵਿਦੇਸ਼ੀ ਕੰਮਾਂ ਦਾ ਮੰਤਰੀ ਸੀ। ਪੰਡਿਤ ਰਾਓ ਇਹ ਧਾਰਮਿਕ ਕੰਮਾਂ ਦਾ ਮੰਤਰੀ ਸੀ ਜੋ ਧਾਰਮਿਕ ਝਗੜਿਆ ਦਾ ਨਿਪਟਾਰਾ ਅਤੇ ਧਾਰਮਿਕ ਰੀਤੀ ਰਿਵਾਜ਼ਾਂ ਲਈ ਨਿਯਮ ਬਣਾਉਂਦਾ ਸੀ। ਸੈਨਾਪਤੀ ਇਹ ਰਾਜ ਦੀ ਸੈਨਾ ਦਾ ਮੰਤਰੀ ਸੀ। ਸੈਨਾ ਨੂੰ ਭਰਤੀ, ਅਨੁਸ਼ਾਸ਼ਨ ਅਤੇ ਯੁੱਧ ਸਮੇਂ ਯੁੱਧ ਯੋਜਨਾ ਬਣਾਉਣਾ ਇਸਦਾ ਕੰਮ ਸੀ। ਨਿਆਧੀਸ਼ ਸਭ ਤੋਂ ਵੱਡਾ ਅਧਿਕਾਰੀ ਸੀ। ਦੀਵਾਨੀ ਅਤੇ ਫ਼ੌਜਦਾਰੀ ਦੇ ਮੁਕਦਮਿਆਂ ਦਾ ਫ਼ੈਸਲਾ ਕਰਦਾ ਸੀ।
ਸਥਾਨਕ ਪ੍ਰਸ਼ਾਸਨ ਸ਼ਿਵਾ ਜੀ ਨੇ ਆਪਣੇ ਸਾਮਰਾਜ ਨੂੰ ਚਾਰ ਪ੍ਰਾਂਤਾ ਵਿੱਚ ਵੰਡਿਆ ਹੋਇਆ ਸੀ - ਉੱਤਰੀ ਪ੍ਰਾਂਤ, ਦੱਖਣੀ ਪ੍ਰਾਂਤ, ਦੱਖਣ ਪੂਰਬੀ ਪ੍ਰਾਂਤ ਅਤੇ ਚੌਥਾ ਪ੍ਰਾਂਤ ਅਜੋਕੇ ਮੈਸੂਰ ਰਾਜ ਦੇ ਉੱਤਰੀ, ਕੇਂਦਰੀ ਅਤੇ ਪੂਰਬੀ ਭਾਗ ਜਿਨ੍ਹਾਂ ਨੂੰ ਸ਼ਿਵਾ ਜੀ ਨੇ 1676- 78ਵਿੱਚ ਜਿੱਤਿਆ ਸੀ।ਇਸ ਪ੍ਰਾਂਤ ਦਾ ਪ੍ਰਬੰਧ ਸੈਨਾ ਅਧੀਨ ਰਿਹਾ।ਪ੍ਰਾਂਤਾ ਨੂੰ ਅੱਗੋ ਪਰਗਨਿਆ ਵਿੱਚ ਵੰਡਿਆਂ ਹੋਇਆ ਸੀ ਜਿਸਦਾ ਪ੍ਰਬੰਧ ਕਲੈਕਟਰ ਦੇ ਹੱਥਾਂ ਵਿੱਚ ਸੀ।ਪਰਗਨਿਆ ਨੂੰ ਅੱਗੋ ਪਿੰਡਾਂ ਵਿਚ ਵੰਡਿਆਂ ਹੋਇਆ ਸੀ ਜਿਸਦਾ ਪ੍ਰਬੰਧ ਪਿੰਡ ਦੀ ਪੰਚਾਇਤ ਦੁਬਾਰਾ ਕੀਤਾ ਜਾਂਦਾ ਸੀ।
ਵਿੱਤੀ ਪ੍ਰਬੰਧ ਸ਼ਿਵਾ ਜੀ ਨੇ ਵਿੱਤੀ ਪ੍ਰਣਾਲੀ ਦਾ ਪ੍ਰਬੰਧ ਬੜੀ ਯੋਗਤਾ ਨਾਲ ਕੀਤਾ।ਉਸਨੇ ਭੂਮੀ ਪ੍ਰਣਾਲੀ ਵਿਚ ਸੁਧਾਰ ਕੀਤੇ ਅਤੇ ਜਾਗੀਰਦਾਰੀ ਅਤੇ ਜਿੰਮੀਦਾਰੀ ਪ੍ਰਥਾਵਾਂ ਨੂੰ ਸਮਾਪਤ ਕੀਤਾ।ਸ਼ਿਵਾ ਜੀ ਨੇ ਰਈਅਤਵਾੜੀ ਪ੍ਰਥਾ ਚਾਲੂ ਕੀਤੀ ਜਿਸ ਅਨੁਸਾਰ ਕਿਸਾਨਾਂ ਅਤੇ ਸਰਕਾਰ ਦਾ ਸਿੱਧਾ ਸਬੰਧ ਕਾਇਮ ਹੋਇਆ।
ਸਾਰੀ ਭੂਮੀ ਦਾ ਨਾਪ ਕਾਠੀ ਨਾਮੀ ਗਜ਼ ਰਾਹੀ ਕੀਤਾ ਗਿਆ ਅਤੇ ਜ਼ਮੀਨ ਦੀ ਉਪਜ ਦਾ ਪਤਾ ਲਗਾਉਣ ਲਈ ਉਸਨੂੰ ਤਿੰਨ ਭਾਗਾ ਵਿੱਚ ਵੰਡਿਆਂ ਗਿਆ - ਵਧੀਆ, ਦਰਮਿਆਨੀ ਅਤੇ ਘਟੀਆ ਆਦਿ।ਭੂਮੀ ਕਰ ਉਪਜ ਦੇ ਹਿਸਾਬ ਨਾਲ ਲਿਆ ਜਾਂਦਾ ਸੀ।ਭੂਮੀ ਕਰ ਤੋਂ ਇਲਾਵਾ ਆਮਦਨ ਦੇ ਹੋਰ ਸਾਧਨ ਵੀ ਸਨ ਜਿਨ੍ਹਾਂ ਵਿੱਚੋਂ ਚੌਥ ਅਤੇ ਸਰਦੇਸ਼ਮੁਖੀ ਸਭ ਤੋਂ ਪ੍ਰਸਿੱਧ ਸਨ। ਚੌਥ ਕਿਸੇ ਪ੍ਰਦੇਸ਼ ਦੇ ਭੂਮੀ ਕਰ ਦਾ ਸਾਧਾਰਨ ਤੌਰ ਤੇ ਚੌਥਾ ਹਿੱਸਾ ਹੁੰਦਾ ਸੀ ਅਤੇ ਸਰਦੇਸ਼ਮੁਖੀ ਅਨੁਸਾਰ ਮਹਾਰਾਸ਼ਟਰ ਦੇ ਸਾਰੇ ਜਾਗੀਰਦਾਰ ਸ਼ਿਵਾ ਜੀ ਨੂੰ ਆਪਣੀ ਆਮਦਨ ਦਾ ਦਸਵਾਂ ਭਾਗ ਦਿੰਦੇ ਸਨ।ਇਸ ਤੋਂ ਇਲਾਵਾ ਚੁੰਗੀ ਕਰ, ਪੇਸ਼ਾ ਕਰ, ਜੁਰਮਾਨੇ ਆਦਿ ਤੋਂ ਵੀ ਮਰਾਠਾ ਸਰਕਾਰ ਨੂੰ ਕਾਫ਼ੀ ਆਮਦਨ ਪ੍ਰਾਪਤ ਹੋ ਜਾਂਦੀ ਸੀ।
(ਬਾਕੀ ਅਗਲੇ ਅੰਕ ਵਿੱਚ)
ਪੂਜਾ 9815591967